ਜੋਗਿੰਦਰ ਸਿੰਘ ਮਾਨ
ਮਾਨਸਾ, 24 ਅਗਸਤ
ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਵਿਖੇ ਕਿਸਾਨ ਭਰਪੂਰ ਸਿੰਘ ਦੀ 4 ਏਕੜ ਜ਼ਮੀਨ ਦੀ ਨਿਲਾਮੀ ਉਸ ਵੇਲੇ ਰੁਕ ਗਈ, ਜਦੋਂ ਉਸ ਦੇ ਹੱਕ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਝੰਡੇ ਚੁੱਕੇ ਲਏ। ਜਥੇਬੰਦੀ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਕੁਰਕੀ ਸਬੰਧੀ ਕਾਰਵਾਈ ਲਈ ਨਾ ਆਇਆ, ਜਿਸ ਤੋਂ ਬਾਅਦ ਜਥੇਬੰਦੀ ਨੇ ਜੇਤੂ ਰੈਲੀ ਕਰਕੇ ਕਿਸੇ ਕਿਸਾਨ ਦੀ ਜ਼ਮੀਨ, ਮਜ਼ਦੂਰ ਦਾ ਘਰ ਕਰਜ਼ੇ ਲਈ ਨਿਲਾਮ ਨਾ ਹੋਣ ਦਾ ਹੋਕਾ ਦਿੱਤਾ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਕਿਸਾਨ ਨੇ ਚਾਰ ਏਕੜ ਜ਼ਮੀਨ ’ਤੇ ਕਾਫੀ ਸਮਾਂ ਪਹਿਲਾਂ ਬੋਰਿੰਗ ਮਸ਼ੀਨ ਅਤੇ ਟਿਊਬਵੈਲ ਦਾ 4 ਲੱਖ ਰੁਪਏ ਕਰਜ਼ਾ ਲੈਂਡ ਮਾਰਗੇਜ਼ ਬੈਂਕ ਤੋਂ ਲਿਆ ਸੀ, ਜਿਸ ਵਿਚੋਂ 1 ਲੱਖ ਦੇ ਕਰੀਬ ਉਹ ਵਾਪਸ ਵੀ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਮੰਦੇ ਦੀ ਲਹਿਰ, ਕਰੋਨਾ ਅਤੇ ਹੋਰ ਕੁਦਰਤੀ ਆਫਤਾਂ ਕਰਕੇ ਉਸ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੋਣ ਕਰਕੇ ਉਹ ਕਰਜ਼ਾ ਵਾਪਸ ਨਹੀਂ ਕਰ ਸਕਿਆ, ਜਿਸ ’ਤੇ ਉਸ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਸੀ, ਜਿਥੇ ਉਹ 40 ਦਿਨ ਦੀ ਜੇਲ੍ਹ ਕੱਟ ਕੇ ਆਇਆ ਪਰ ਮਾਲੀ ਹਾਲਤ ਕਮਜ਼ੋਰ ਹੋਣ ਕਰਕੇ ਉਹ ਕਰਜ਼ਾ ਵਾਪਸ ਕਰਨ ਤੋਂ ਅਸਮਰੱਥ ਰਿਹਾ। ਉਨ੍ਹਾਂ ਕਿਹਾ ਕਿ ਇਸ ’ਤੇ ਅੱਜ ਉਸ ਦੀ ਆੜ ਰਹਿਣ ਜ਼ਮੀਨ ਦੀ ਕੁਰਕੀ ਰੱਖੀ ਗਈ ਸੀ, ਜਿਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਜਥੇਬੰਦੀ ਨੇ ਵਿਰੋਧ ਕੀਤਾ ਤਾਂ ਕੋਈ ਵੀ ਅਧਿਕਾਰੀ ਕੁਰਕੀ ਲਈ ਨਹੀਂ ਗਿਆ ਅਤੇ ਇਸ ਗਰੀਬ ਕਿਸਾਨ ਦੀ ਜ਼ਮੀਨ ਕੁਰਕ ਹੋਣੋਂ ਬਚ ਗਈ। ਉਨ੍ਹਾਂ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਹਰ ਕਿਸਮ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਕਹੀ ਜਾਂਦੀ ਹੈ ਤਾਂ ਬੈਂਕਾਂ ਵੱਲੋਂ ਕਿਸਾਨਾਂ ਨੂੰ ਭੇਜੇ ਜਾਂਦੇ ਨੋਟਿਸ ਅਤੇ ਨਿਲਾਮੀਆਂ ਕੁਰਕੀਆਂ ਦੀ ਕਾਰਵਾਈ ਦੀ ਕੋਈ ਤੁੱਕ ਨਹੀਂ, ਜਿਸ ਦਾ ਯੂਨੀਅਨ ਵਿਰੋਧ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਗਰੀਬ ਕਿਸਾਨ ਦੀ ਜ਼ਮੀਨ ਜਾਂ ਘਰ ਆਦਿ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਦੀਪ ਸਿੰਘ, ਭਿੰਦਰ ਸਿੰਘ, ਪੰਜਾਬ ਸਿੰਘ, ਗੋਰਾ ਸਿੰਘ ਤਲਵੰਡੀ ਅਕਲੀਆ, ਬੰਤ ਸਿੰਘ ਮਾਖਾ, ਸ਼ਿਵਚਰਨ ਸਿੰਘ, ਬਲਦੇਵ ਸਿੰਘ, ਲਾਭ ਸਿੰਘ, ਗੁਰਬਾਜ ਸਿੰੰਘ ਪੇਰੋਂ,ਲੱਖਾ ਸਿੰਘ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ।