ਪਵਨ ਗੋਇਲ
ਭੁੱਚੋ ਮੰਡੀ, 21 ਜੁਲਾਈ
ਬੁਰਜ ਕਾਹਨ ਸਿੰਘ ਵਾਲਾ ਮਾਈਨਰ ਵਿੱਚ ਬੀਤੀ ਰਾਤ 20 ਫੁੱਟ ਚੌੜਾ ਪਾੜ ਪੈਣ ਕਾਰਨ ਪਿੰਡ ਲਹਿਰਾ ਬੇਗਾ ਦੇ ਕਿਸਾਨਾਂ ਦੀ ਲਗਪਗ 40 ਏਕੜ ਝੋਨੇ ਦੀ ਖੜ੍ਹੀ ਫ਼ਸਲ ਵਿੱਚ ਪਾਣੀ ਭਰ ਗਿਆ। ਕਿਸਾਨਾਂ ਨੇ ਦੱਸਿਆ ਕਿ ਪਾਣੀ ਦਾ ਪੱਧਰ ਵਧਣ ਕਾਰਨ ਰਜਵਾਹੇ ਵਿੱਚ ਪਾੜ ਪਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਪਾੜ ਪੈਣ ਤੋਂ 12 ਘੰਟਿਆਂ ਬਾਅਦ ਵੀ ਪਾਣੀ ਦੇ ਪੱਧਰ ਨੂੰ ਘਟਾਇਆ ਨਹੀਂ ਗਿਆ, ਜਿਸ ਨਾਲ ਫ਼ਸਲਾਂ ਦਾ ਵੱਧ ਨੁਕਸਾਨ ਹੋਇਆ ਹੈ। 40 ਸਾਲ ਪੁਰਾਣਾ ਇਹ ਖ਼ਸਤਾ ਹਾਲ ਰਜਵਾਹਾ ਕਿਸਾਨਾਂ ਲਈ ਵੱਡੀ ਆਫ਼ਤ ਬਣਿਆ ਹੋਇਆ ਹੈ। ਇਸ ਵਿੱਚ ਵਾਰ ਵਾਰ ਪਾੜ ਪੈਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇੱਕ ਮਹੀਨਾ ਪਹਿਲਾਂ ਹੀ ਇਸ ਪਾੜ ਤੋਂ ਮਹਿਜ਼ 50 ਗਜ਼ ਦੀ ਦੂਰੀ ’ਤੇ ਪਾੜ ਪੈ ਗਿਆ ਸੀ।
ਕਿਸਾਨ ਬੇਅੰਤ ਸਿੰਘ ਨੇ ਕਿਹਾ ਕਿ ਉਸ ਨੇ ਦੋ ਦਿਨ ਪਹਿਲਾਂ ਹੀ 35 ਕਿਲੋਮੀਟਰ ਦੀ ਦੂਰੀ ਤੋਂ ਲਿਆ ਕੇ ਝੋਨੇ ਦੀ ਪਨੀਰੀ ਬੀਜੀ ਸੀ। ਹੁਣ ਇਸ ਸਮੇਂ ਹੋਰ ਪਨੀਰੀ ਮਿਲਣ ਦੇ ਆਸਾਰ ਬਹੁਤ ਘੱਟ ਹਨ। ਦੁਖੀ ਹੋਏ ਕਿਸਾਨਾਂ ਨੇ ਕਿਹਾ ਕਿ ਸਰਕਾਰ ਮਿਆਦ ਪੁਗਾ ਚੁੱਕੇ ਇਸ ਰਜਵਾਹੇ ਦੀ ਮੁੜ ਉਸਾਰੀ ਨਹੀਂ ਕਰ ਰਹੀ, ਜਿਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਸ ਖ਼ਸਤਾ ਹਾਲ ਰਜਵਾਹੇ ਦੀ ਮੁੜ ਉਸਾਰੀ ਨਹੀਂ ਕਰ ਸਕਦੀ ਤਾਂ ਇਸ ਨੂੰ ਬੰਦ ਕਰ ਦੇਵੇ। ਉਨ੍ਹਾਂ ਕਿਹਾ ਕਿ ਪਾੜ ਕਾਰਨ ਜ਼ਮੀਨਾਂ ਵਿੱਚ ਭਰੀ ਰੇਤ ਨੂੰ ਕੱਢਣਾ ਅਤੇ ਵਾਰ-ਵਾਰ ਫ਼ਸਲਾਂ ਦੀ ਬਿਜਾਈ ਕਰਨਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ।
ਇਸੇ ਦੌਰਾਨ ਪਾੜ ਵਾਲੀ ਥਾਂ ’ਤੇ ਪੁੱਜੇ ਜੇਈ ਲਖਵੀਰ ਸਿੰਘ ਨੇ ਕਿਹਾ ਕਿ ਮੀਂਹ ਅਤੇ ਝੱਖੜ ਕਾਰਨ ਪਾਣੀ ਦਾ ਪੱਧਰ ਵਧਿਆ ਹੈ। ਜੇ ਇਸ ਪੱਧਰ ਨੂੰ ਤੁਰੰਤ ਘਟਾ ਦਿੱਤਾ ਤਾਂ ਹੈੱਡ ਵਰਕਸ ’ਤੇ ਪਾਣੀ ਦਾ ਪੱਧਰ ਵਧ ਜਾਵੇਗਾ ਅਤੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਕਣਕ ਦੀ ਬਿਜਾਈ ਤੋਂ ਪਹਿਲਾਂ ਰਜਵਾਹੇ ਦੀ ਉਸਾਰੀ ਸ਼ੁਰੂ ਹੋਣ ਦੀ ਸੰਭਾਵਨਾ ਹੈ।