ਪੱਤਰ ਪ੍ਰੇਰਕ
ਬੁਢਲਾਡਾ, 3 ਮਾਰਚ
ਇੱਥੇ ਅੱਜ ਕਿਸਾਨ ਜੱਥੇਬੰਦੀਆਂ ਦੇ ਸੰਯੁਕਤ ਮੋਰਚੇ ਵੱਲੋਂ 153ਵੇਂ ਦਿਨ ’ਚ ਪੁੱਜੇ ਆਪਣੇ ਵਿਸ਼ਾਲ ਧਰਨੇ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਤਿੱਖੀ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਦਾ ਸੰਯੁਕਤ ਮੋਰਚੇ ਦੇ ਮੋਢੀਆਂ ਨੇ ਫਿਰ ਤੋਂ ਮੌਕਾ ਸੰਭਾਲ ਲਿਆ ਹੈ। ਉਨ੍ਹਾਂ ਧਰਨੇ ’ਚ ਸ਼ਾਮਲ ਆਪਣੇ ਸਾਥੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਹਲਕੇ ਦੇ ਸਾਰੇ ਪਿੰਡਾਂ ਵਿੱਚ ਪੰਚਾਇਤਾਂ ਤੇ ਮੋਹਤਬਰ ਕਿਸਾਨਾਂ ਵੱਲੋਂ ਆਪਸੀ ਤਾਲਮੇਲ ਬੈਠਾ ਕੇ ਦਿੱਲੀ ਮੋਰਚਿਆਂ ’ਚ ਕਿਸਾਨ ਜੱਥੇ ਵਾਰੀ ਸਿਰ ਭੇਜਣ ਦਾ ਬੀੜਾ ਚੁੱਕਿਆ ਹੋਇਆ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਅਨੇਕਾਂ ਕਿਸਾਨ ਅੰਦੋਲਨਾਂ ਵਿੱਚ ਸਿਰ ਧੜ ਦੀ ਬਾਜ਼ੀ ਲਾ ਕੇ ਲੜਨ ਵਾਲੇ ਜੁਝਾਰੂ ਕਿਸਾਨ ਹੁਣ ਆਰਐੱਸਐੱਸ ਦੇ ਗੁੰਡਿਆਂ ਦੀ ਪ੍ਰਵਾਹ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਆਰਪਾਰ ਦੀ ਲੜਾਈ ਹੁਣ ਆਰੰਭ ਹੋ ਗਈ ਹੈ। ਜਿਸ ਨੂੰ ਕਾਲੇ ਕਾਨੂੰਨਾਂ ਦੇ ਖਤਮ ਹੋਣ ਤੱਕ ਜਿਉਂ ਦਾ ਤਿਉਂ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਹਰਿੰਦਰ ਸਿੰਘ ਸੋਢੀ, ਨੰਬਰਦਾਰ ਜਰਨੈਲ ਸਿੰਘ, ਕਾਮਰੇਡ ਹਰਦਿਆਲ ਸਿੰਘ ਦਾਤੇਵਾਸ, ਕ੍ਰਾਂਤੀਕਾਰ ਪੇਂਡੂ ਮਜ਼ਦੂਰ ਯੁਨੀਅਨ ਦੇ ਸੂਬਾ ਪ੍ਰਧਾਨ ਬਬਲੀ ਅਟਵਾਲ, ਮਾਸਟਰ ਜਸਵੰਤ ਸਿੰਘ ਫਫੜੇ, ਕੌਰ ਸਿੰਘ ਮੰਡੇਰ ਨੇ ਵੀ ਸੰਬੋਧਨ ਕੀਤਾ।
ਹਕੂਮਤ ਦਾ ਹੱਠ ਕਰ ਰਿਹੈ ਕਿਸਾਨਾਂ ਦੇ ਵੱਡੇ ਇਕੱਠ: ਕਿਸਾਨ ਆਗੂ
ਬਰਨਾਲਾ (ਖੇਤਰੀ ਪ੍ਰਤੀਨਿਧ) ਕੇਂਦਰੀ ਮੋਦੀ ਸਰਕਾਰ ਵੱਲੋਂ ਥੋਪੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ‘ਤੇ ਡਟੇ ਕਿਸਾਨਾਂ ਦੇ ਰੋਹ ਨੂੰ ਹਕੂਮਤ ਦਾ ਹੱਠ ਹੋਰ ਪ੍ਰਚੰਡ ਕਰ ਰਿਹਾ ਹੈ| ਦਿੱਲੀ ਧਰਨਿਆਂ ਦੇ ਨਾਲ-ਨਾਲ ਵੱਖ-ਵੱਖ ਥਾਈਂ ਲੱਗੇ ਧਰਨੇ ਵੀ ਨਿੱਤ ਦਿਨ ਮਘ ਰਹੇ ਹਨ| ਬਰਨਾਲਾ ਸਟੇਸ਼ਨ ਧਰਨੇ ਨੂੰ ਸੰਬੋਧਨ ਕਰਦਿਆਂ ਅੱਜ ਦੇ ਬੁਲਾਰੇ ਗੁਰਨਾਮ ਸਿੰਘ ਠੀਕਰੀਵਾਲਾ, ਜਸਵੰਤ ਸਿੰਘ ਅਸਪਾਲ ਕਲਾਂ, ਜਸਪਾਲ ਚੀਮਾ, ਅਮਰਜੀਤ ਕੌਰ, ਬਲਬੀਰ ਕੌਰ ਰਾਮਗੜ੍ਹ, ਗੁਰਚਰਨ ਸਿੰਘ ਕੋਠੇ ਸੁਰਜੀਤਪੁਰਾ, ਪ੍ਰੇਮਪਾਲ ਕੌਰ, ਬਾਬੂ ਸਿੰਘ ਖੁੱਡੀ ਆਦਿ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੇ ਬਿਜਲੀ ਬਿੱਲ-2020 ਖਿਲਾਫ਼ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਵਿਆਪੀ ਸਰੂਪ ਹਾਸਲ ਕਰ ਚੁੱਕੇ ਕਿਸਾਨ ਅੰਦੋਲਨ ਤੋਂ ਕੇਂਦਰੀ ਹਕੂਮਤ ਬੌਖਲਾ ਚੁੱਕੀ ਹੈ| ਅੰਦੋਲਨ ਨੂੰ ਢਾਹ ਲਾਉਣ ਲਈ ਨਿੱਤ ਨਵੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ| ਕੇਂਦਰੀ ਏਜੰਸੀਆਂ ਤੋਂ ਛਾਪੇ ਤੇ ਝੂਠੇ ਪੁਲੀਸ ਪਰਚਿਆਂ ਰਾਹੀਂ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ| ਆਗੂਆਂ ਨੇ ਕੇਂਦਰੀ ਹਾਕਮਾਂ ਨੂੰ ਚਿਤਾਵਨੀ ਦਿੱਤੀ ਕਿ ਲੋਕਤੰਤਰ ਲੋਕਾਂ ਅਨੁਸਾਰ ਚੱਲਦਾ ਹੈ ਨਾ ਕਿ ਤਾਨਾਸ਼ਾਹੀ ਢੰਗ ਨਾਲ। ਸਰਕਾਰ ਕੰਧ ’ਤੇ ਲਿਖਿਆ ਸੋਚ ਲਵੇ ਵਰਨਾ ਲੋਕ ਸਮਾਂ ਆਉਣ ’ਤੇ ਆਪਣਾ ਫਤਵਾ ਦੇਣਗੇ।