ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਕਤੂਬਰ
ਜਿਹੜੇ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਵਿਕਣ ਲਈ ਪਿਆ ਹੈ, ਉਨ੍ਹਾਂ ਦੇ ਘਰਾਂ ਵਿਚ ਇਸ ਵਾਰ ਦੀਵਾਲੀ ਨੂੰ ਦੁੱਖਾਂ ਦੇ ਦੀਵੇ ਬਲਣੇ ਹਨ। ਆਪਣੀ ਜਿਣਸ ਨੂੰ ਵੇਚਣ ਲਈ ਮਾਲਵਾ ਪੱਟੀ ਵਿਚਲੀਆਂ ਅਨਾਜ ਮੰਡੀਆਂ ’ਚ ਕਈ ਦਿਨਾਂ ਤੋਂ ਕਿਸਾਨਾਂ ਨੇ ਡੇਰੇ ਮੱਲ ਰੱਖੇ ਹਨ। ਦੀਵਾਲੀ ਦਾ ਦਿਨ ਭਲਕੇ ਹੋਣ ਦੇ ਬਾਵਜੂਦ ਕਿਸਾਨ ਅੱਜ ਮੰਡੀਆਂ ਵਿਚ ਬੈਠੇ ਬੋਲੀ ਦੀ ਉਡੀਕ ਕਰ ਰਹੇ ਸਨ, ਪਰ ਕਰਮਚਾਰੀ ਅਤੇ ਅਧਿਕਾਰੀ, ਵੱਡੇ ਅਫਸਰਾਂ ਦੇ ਡਰਾਇੰਗ ਰੂਮਾਂ ਵਿਚ ਬੈਠਕੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਸਨ।
ਅੱਜ ਦੀਵਾਲੀ ਤੋਂ ਇਕ ਦਿਨ ਪਹਿਲਾਂ ਇਥੇ ਅਨੇਕਾਂ ਆੜ੍ਹਤੀਏ ਆਪਣੇ ਹੋਰ ਕਾਰੋਬਾਰਾਂ ਵਿੱਚ ਰੁਝੇ ਵਿਖਾਈ ਦਿੰਦੇ ਸਨ। ਅਨੇਕਾਂ ਖਰੀਦ ਕੇਂਦਰਾਂ ਵਿਚ ਕਿਸਾਨ ਆਪਣੇ ਆੜ੍ਹਤੀਆਂ ਨੂੰ ਵੀ ਉਡੀਕ ਰਹੇ ਸਨ, ਪਰ ਉਹ ਮੰਡੀਆਂ ’ਚੋਂ ‘ਅਲੋਪ’ ਹੀ ਰਹੇ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਮੁਨੀਮ ਹੀ ਕਿਸਾਨਾਂ-ਮਜ਼ਦੂਰਾਂ ਨੂੰ ਦੀਵਾਲੀ ਮਨਾਉਣ ਲਈ ‘ਚਾਰ ਛਿੱਲੜ’ ਦੇ ਕੇ ਸਬਰ ਦੀ ਨਸੀਹਤ ਦੇ ਰਹੇ ਸਨ। ਇਸ ਵਾਰ ਦੋ ਹਫਤੇ ਪਹਿਲਾਂ ਦੀਵਾਲੀ ਆਉਣ ਕਾਰਨ ਫਸਲ ਚੰਗੀ ਹੋਣ ਦੇ ਬਾਵਜੂਦ ਬਾਜ਼ਾਰ ਵਿਚ ਮੰਦੇ ਦੇ ਰੁਝਾਨ ਨੇ ਜ਼ੋਰ ਫੜਿਆ ਹੋਇਆ ਹੈ, ਜਿਸ ਕਾਰਨ ਕਿਸਾਨਾਂ-ਮਜ਼ਦੂਰਾਂ ਦੀ ਦੀਵਾਲੀ ਦੁੱਖਾਂ ਦੁਆਲੇ ਘਿਰੀ ਪਈ ਹੈ। ਮਾਨਸਾ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿਚ ਕਿਸਾਨ ਆਪਣਾ ਝੋਨਾ ਵੇਚਣ ਲਈ ਬੈਠੇ ਹਨ, ਪਰ ਸਰਕਾਰ ਦੇ ਸੁਸਤ ਪ੍ਰਬੰਧਾਂ ਕਾਰਨ ਉਹ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਤੋਂ ਵਿਹਲੇ ਨਹੀਂ ਹੋ ਰਹੇ।
ਜ਼ਿਲ੍ਹਿਆਂ ਵਿਚਲੀਆਂ ਮੰਡੀਆਂ ਤੋਂ ਇਕੱਤਰ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਕਿ ਮੰਡੀਆਂ ਵਿਚ ਜਿਣਸ ਦੀ ਰਾਖੀ ਪਰਿਵਾਰ ਦੇ ਮੁਖੀ ਹੀ ਕਰ ਰਹੇ ਹਨ। ਹੁਣ ਜਦੋਂ ਭਲਕੇ ਦੀਵਾਲੀ ਦਾ ਤਿਉਹਾਰ ਹੈ ਤਾਂ ਕਿਸਾਨ ਤਿਉਹਾਰ ਮਨਾਉਣ, ਨਾ ਤਾਂ ਘਰ ਜਾ ਸਕਦਾ ਅਤੇ ਨਾ ਹੀ ਉਹ ਜਿਣਸ ਦੀ ਢੇਰੀ ਨੂੰ ਸੁੰਨੀ ਛੱਡ ਸਕਦਾ ਹੈ। ਅੱਧ ਵਿਚਾਲੇ ਫਸੇ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਉਹ ਮੰਡੀਆਂ ਵਿਚ ਹੀ ਸਰਕਾਰ ਵਿਰੋਧੀ ਦੀਵਾਲੀ ਝੋਨੇ ਦੀਆਂ ਢੇਰੀਆਂ ਉਤੇ ਮਨਾਉਣਗੇ।ਇਸੇ ਦੌਰਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਵੱਧ ਤੋਂ ਵੱਧ ਇੱਛਾ ਕਿ ਕਿਸਾਨਾਂ ਦੀ ਵੱਡੀ ਮਾਤਰਾ ਵਿਚ ਝੋਨੇ ਦੀ ਫਸਲ ਨੂੰ ਖਰੀਦਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਦੀ ਤਕਲੀਫ ਨੂੰ ਸਮਝ ਕੇ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਨੇ ਮੰਡੀਆਂ ਵਿਚੋਂ ਚਿੱਟੇ ਸੋਨੇ ਦੀ ਫਸਲ ਨੂੰ ਚੁਕਾਉਣ ਲਈ ਹਰ ਪ੍ਰਬੰਧ ਕੀਤੇ ਹਨ ਤਾਂ ਕਿ ਪਟਾਖਿਆਂ ਤੇ ਆਤਿਸ਼ਬਾਜੀ ਕਾਰਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।ਅੱਜ ਸ਼ਾਮ ਨੂੰ ਮੰਡੀਆਂ ਵਿਚ ਜਾ ਕੇ ਵੇਖਿਆ ਕਿ ਕਿਸਾਨਾਂ ਦੇ ਨਰਮੇ ਨੂੰ ਤੋਲਣ ਲਈ ਤਾਂ ਸਰਕਾਰੀ ਤੇ ਪ੍ਰਾਈਵੇਟ ਵਪਾਰੀ ਪੂਰੇ ਰੁੱਝੇ ਹੋਏ ਸਨ, ਪਰ ਝੋਨੇ ਦੀਆਂ ਢੇਰੀਆਂ ਤੋਂ ਸਾਰਾ ਦਿਨ ਹੀ ਤੋਲੇ ਅਲੋਪ ਰਹੇ। ਇਹ ਤੋਲੇ ਵੀ ਆਪਣੀ ਦੀਵਾਲੀ ਮਨਾਉਣ ਵਿਚ ਰੁੱਝੇ ਹੋਏ ਸਨ। ਪਰਵਾਸੀ ਤੋਲੇ ਵੀ ਤਿਉਹਾਰ ਨੂੰ ਲੈਕੇ ਦੇਵੀ-ਦੇਵਤਿਆਂ ਦੀ ਮੰਨ-ਮੰਨੌਤ ਵਿਚ ਪੁੰਨ-ਦਾਨ ਕਰਦੇ ਫਿਰਦੇ ਸਨ। ਮੰਡੀਆਂ ਵਿਚ ਕਿਸਾਨ ਆਪਸ ਵਿਚ ਗੱਲਬਾਤ ਕਰਕੇ ਝੁਰ ਰਹੇ ਵਿਖਾਈ ਦਿੰਦੇ ਸਨ।