ਪੱਤਰ ਪ੍ਰੇਰਕ
ਮਾਨਸਾ, 19 ਨਵੰਬਰ
ਮਾਲਵਾ ਖੇਤਰ ਵਿੱਚ ਡੀਏਪੀ ਖਾਦ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਇਸ ਖਾਦ ਦੀ ਘਾਟ ਕਾਰਨ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਲੇਟ ਹੋਣ ਲੱਗੀ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਖਾਦ ਦੀ ਥੁੜ ਨੂੰ ਛੇਤੀ ਦੂਰ ਨਾ ਕੀਤਾ ਤਾਂ ਰਾਜ ਦੇ ਮੁੱਖ ਮਾਰਗਾਂ ਨੂੰ ਜਾਮ ਕਰਨ ਵਰਗੀ ਜਥੇਬੰਦਕ ਨੌਬਤ ਪੈਦਾ ਹੋ ਸਕਦੀ ਹੈ। ਇਥੇ ਦਿੱਤੇ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਖਾਦ ਨੇ ਕਿਸਾਨਾਂ ਦਾ ਘਰ-ਬਾਰ ਛਡਾਅ ਦਿੱਤਾ ਹੈ, ਉਹ ਸਾਰਾ ਦਿਨ ਡੀਏਪੀ ਖਾਦ ਨੂੰ ਖਰੀਦਣ ਲਈ ਸ਼ਹਿਰਾਂ ਵਿੱਚ ਟਰਾਲੀਆਂ ਲਈ ਤੁਰੇ ਫਿਰਦੇ ਹਨ ਪਰ ਪੰਜਾਬ ਸਰਕਾਰ ਇਸ ਦੀ ਸਪਲਾਈ ਨਾ ਸ਼ਹਿਰੀ ਡੀਲਰਾਂ ਨੂੰ ਕਰ ਰਹੀ ਹੈ ਅਤੇ ਨਾ ਹੀ ਸਹਿਕਾਰੀ ਸਭਾਵਾਂ ਨੂੰ ਕੀਤੀ ਜਾ ਰਹੀ ਹੈ।
ਕਿਸਾਨ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਪੰਜਾਬ ਜਦੋਂ ਕੇਂਦਰੀ ਪੁਲ ਵਿੱਚ ਸਭ ਤੋਂ ਜ਼ਿਆਦਾ ਅਨਾਜ ਭੰਡਾਰ ਕਰਨ ਦਾ ਯੋਗਦਾਨ ਹਰ ਸਾਲ ਪਾਉਂਦਾ ਹੈ ਤਾਂ ਇਥੋਂ ਦੇ ਕਿਸਾਨ ਨੂੰ ਸਭ ਤੋਂ ਪਹਿਲਾਂ ਖਾਦ ਭੇਜਣੀ ਕੇਂਦਰ ਸਕਰਾਰ ਦਾ ਮੁੱਢਲਾ ਫਰਜ਼ ਬਣਦਾ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਡੀਏਪੀ ਕਾਰਨ ਲੇਟ ਹੋ ਰਹੀ ਕਣਕ ਦੀ ਬਿਜਾਈ ਕਾਰਨ ਝਾੜ ਵੀ ਘਟੇਗਾ ਅਤੇ ਕਣਕ ਦੀ ਗੁਣਵੱਤਾ ਵੀ ਕਮਜ਼ੋਰ ਹੋ ਜਾਵੇਗੀ।
ਕਿਸਾਨ ਆਗੂ ਤੇਜ਼ ਸਿੰਘ ਚੁਕੇਰੀਆਂ ਨੇ ਕਿਹਾ ਕਿ ਖੇਤੀ ਮੇਲਿਆਂ ਵਿੱਚ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਸਮੇਂ ਸਿਰ ਕਣਕ ਬੀਜਣ ਦਾ ਕਿਸਾਨਾਂ ਨੂੰ ਹੋਕਾ ਦਿੰਦੇ ਹਨ ਪਰ ਪੰਜਾਬ ਸਰਕਾਰ ਵੇਲੇ ਸਿਰ ਖਾਦਾਂ ਦਾ ਪ੍ਰਬੰਧ ਨਹੀਂ ਕਰਦੀ, ਜਿਸ ਕਾਰਨ ਅੰਨਦਾਤਾ ਹਰ ਵਾਰ ਕਣਕ ਵਿੱਚ ਪੰਜਾਬ ਦੇ ਔਸਤ ਝਾੜ ਤੋਂ ਪਛੜਨ ਲੱਗਿਆ ਹੈ।