ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਜਨਵਰੀ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ’ਚ ਅੰਨਦਾਤਾ ਹੱਡ ਚੀਰਵੀਂ ਠੰਢ ਦੇ ਕਹਿਰ ਦੀ ਪ੍ਰਵਾਹ ਨਾ ਕਰਦਾ ਹੋਇਆ ਸੰਘਰਸ਼ ਮੈਦਾਨ ’ਚ ਡਟਿਆ ਹੋਇਆ ਹੈ। ਇਸੇ ਤਰ੍ਹਾਂ ਇਥੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 68ਵੇਂ ਤੇ ਆਧੁਨਿਕ ਤਕਨੀਕ ਵਾਲੇ ਅਡਾਨੀ ਅਨਾਜ ਭੰਡਾਰ ਅੱਗੇ 93ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਮੌਕੇ ਜਥੇਬੰਦੀ ਦੇ ਸੁਬਾਈ ਆਗੂ ਸੁਖਦੇਵ ਸਿੰਘ ਕੋਕਰੀ ਤੋਂ ਇਲਾਵਾ ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ,ਲਖਵੀਰ ਸਿੰਘ ਖੋਸਾ ਨੇ ਕਿਹਾ ਕਿ ਕਿ ਕਿਸਾਨਾਂ ਦੇ ਤੇਜ਼ ਠੰਢ ਬਾਵਜੂਦ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਕੇਂਦਰ-ਸਰਕਾਰ ਕਿਸਾਨਾਂ ਦੀਆਂ ਦਲੀਲਾਂ ਦਾ ਜਵਾਬ ਦੇਣ ਦੀ ਬਜਾਏ, ਭਰਮਾਊ ਪ੍ਰਚਾਰ ਰਾਹੀਂ ਕਿਸਾਨ ਤੇੇ ਲੋਕ ਰੋਹ ਦਬਾਉਣ ਦੇ ਕੋਝੇ ਯਤਨ ਕਰ ਰਹੀ ਹੈ ਪਰ ਸਰਕਾਰ ਦੇ ਇਹ ਯਤਨ ਸਫ਼ਲ ਨਹੀਂ ਹੋਣਗੇ।
ਇਥੇ ਕਿਰਤੀ ਕਿਸਾਨ ਯੂਨੀਅਨ ਜਿਲਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ ਦੀ ਅਗਵਾਈ ਹੇਠ ਲਾਮਬੰਦੀ ਮੀਟਿੰਗ ਵਿੱਚ ਜੀਓ ਸਿੰਮ ਦੇ ਬਾਈਕਾਟ ਦਾ ਸੱਦਾ ਦਿੰਦੇ ਆਖਿਆ ਕਿ ਯੂਥ ਵਿੰਗ, ਕਿਰਤੀ ਕਿਸਾਨ ਯੂਨੀਅਨ, ਔਰਤ ਵਿੰਗ, ਕਿਰਤੀ ਕਿਸਾਨ ਯੂਨੀਅਨ ਦਾ ਗਠਨ ਕੀਤਾ ਜਾਵੇਗਾ।
ਬਰਨਾਲਾ (ਖੇਤਰੀ ਪ੍ਰਤੀਨਿਧ) ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਹਨ। ਪਹਦਲੀ ਅਕਤੂਬਰ ਨੂੰ ਰੇਲਵੇ ਪਟੜੀਆਂ ਮੱਲਣ ਤੋਂ ਸ਼ੁਰੂ ਹੋਇਆ ਸੰਘਰਸ਼ ਪਲੇਟਫਾਰਮ ਰਾਹੀਂ ਹੁੰਦਾ ਹੋਇਆ ਰੇਲਵੇ ਪਾਰਕਿੰਗ ’ਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਰਿਹਾ| ਨਵੇਂ ਸਾਲ ਦੀ ਪਲੇਠੀ ਸਵੇਰ ਦੇ ਬੁਲਾਰਿਆਂ ਨੇ ਹੋਰ ਵਧੇਰੇ ਜੋਸ਼ ਨਾਲ ਸ਼ਾਮਲ ਹੋਣ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ| ਆਗੂਆਂ ਬਲਵੰਤ ਸਿੰਘ ਉੱੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ ਆਦਿ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਜਿਹੜੀ ਮੋਦੀ ਹਕੂਮਤ ਲੋਕਾਂ ਦੀ ਹੱਕੀ ਆਵਾਜ ਨੂੰ ਟਿੱਚ ਕਰਕੇ ਜਾਣਦੀ ਸੀ| ਮੋਦੀ ਹਕੂਮਤ ਦਾ ਭਰਮ ਸੀ ਕਿ ਹਕੂਮਤੀ ਅੱਥਰੇ ਰਥ ਨੂੰ ਰੋਕਣ ਵਾਲੇ ਰਾਹ ਦੇ ਰੋੜੇ ਖਤਮ ਕਰ ਦਿੱਤੇ ਜਾਣਗੇ ਪਰ ‘ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨੀਂ ਭੁਰਦੀ, ਹਰ ਫੱਟੜ ਮੱਥਾ ਨੀਂ ਝੁਕਦਾ ਤੇ ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ’| ਖੇਤੀ ਵਿਰੋਧੀ ਕਾਨੂੰਨਾਂ ਨੂੰ ਮੁਕੰਮਲ ਰੂਪ ’ਚ ਰੱਦ ਕਰਾਉਣ ਤੇ ਘੱਟੋ-ਘੱਟ ਕੀਮਤ ਉੱਪਰ ਫਸਲਾਂ ਦੀ ਖ੍ਰੀਦ ਦੀ ਗਾਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ| ਅੱਜ ਸੰਘਰਸ਼ ਜਾਰੀ ਰੱਖਣ ਦੇ ਅਹਿਦ ਨਾਲ ਸਾਲ-2021 ਦੇ ਪਹਿਲੇ ਦਿਨ ਨੂੰ ਜਾਝਾਰੂ ਕਾਫਲੇ ਸੰਗਰਾਮੀ ਮੁਬਾਰਕ ਆਖੀ| ਇਸੇ ਤਰ੍ਹਾਂ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ, ਰਿਲਾਇੰਸ ਸਮਾਰਟ ਮਾਲ ਬਰਨਾਲਾ ਦੇ ਸਾਹਮਣੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ‘ਦੇਸ਼ ਭਰ ਦੇ ਕਿਰਤੀ-ਕਿਸਾਨਾਂ ਦਾ ਏਕਾ-ਜਿੰਦਾਬਾਦ’ ਦੇ ਨਾਹਰੇ ਲਾਉਂਦਿਆਂ ਨਵੇਂ ਸਾਲ ਨੂੰ ਸੰਗਰਾਮੀ ‘ਜੀਓ-ਆਇਆਂ’ ਕਿਹਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਹੰਡਿਆਇਆ, ਜਸਪਾਲ ਸਿੰਘ ਚੀਮਾ, ਗੁਰਮੀਤ ਸਿੰਘ ਸੁਖਪੁਰ, ਹਰਚਰਨ ਸਿੰਘ ਚੰਨਾ, ਰਾਮ ਸਿੰਘ ਸੰਘੇੜਾ, ਸਵਰਨ ਸਿੰਘ ਸੰਘੇੜਾ, ਸੁਰਜੀਤ ਸਿੰਘ ਕਰਮਗੜ੍ਹ ਤੇ ਮੇਜਰ ਸਿੰਘ ਸੰਘੇੜਾ ਨੇ ਕਿਹਾ ਕਿ ਬੀਤੇ ਸਾਲ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਨੂੰਨ ਤੇ ਦੋ ਆਰਡੀਨੈਂਸ ਲਿਆ ਕੇ, ਖੇਤੀ ਦਾ ਧੰਦਾ ਕਾਰਪੋਰੇਟਾਂ ਦੇ ਕੰਟਰੋਲ ਵਿੱਚ ਦੇ ਕੇ, ਕਿਸਾਨੀ ਨੂੰ ਤਬਾਹ ਕਰਨ ਤੇ ਸਮੁੱਚੇ ਦੇਸ਼ ਦੇ ਗ਼ਰੀਬਾਂ ਨੂੰ ਭੁੱਖੇ ਮਾਰਨ ਵਾਲਾ ਕਦਮ ਚੁੱਕਿਆ ਸੀ।
ਨਵਾਂ ਸਾਲ ਕਿਸਾਨ-ਮਜ਼ਦੂਰਾਂ ਦੇ ਨਾਲ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ) ਇਸ ਵਾਰ ਨਵੇਂ ਸਾਲ ਦੇ ਜਸ਼ਨਾਂ ’ਤੇ ਕਿਸਾਨ ਸਮੱਸਿਆਵਾਂ ਭਾਰੂ ਰਹੀਆਂ। ਨਵਾਂ ਸਾਲ ਕਿਸਾਨ-ਮਜ਼ਦੂਰਾਂ ਦੇ ਨਾਲ ਦਾ ਨਾਅਰਾ ਗੂੰਜਣ ਲੱਗਾ ਹੈ। ਪਿੰਡ ਰੌਂਤਾ, ਪੱਤੋ, ਨਿਹਾਲ ਸਿੰਘ ਵਾਲਾ, ਤਖਤੂਪੁਰਾ, ਬਿਲਾਸਪੁਰ, ਬੱਧਨੀਂ, ਰਾਉਕੇ, ਦੀਨਾ ਸਾਹਿਬ ਆਦਿ ਪਿੰਡਾਂ ਵਿੱਚ ਨਵੇਂ ਸਾਲ ਨੂੰ ਸਮਰਪਿਤ ਚਾਹ, ਪਕੌੜੇ ਆਦਿ ਦੇ ਲੰਗਰ ਲਗਾਏ ਗਏ। ਸਰਬੱਤ ਦੇ ਭਲੇ ਲਈ ਪਾਠਾਂ ਦੇ ਭੋਗ ਵੀ ਪਾਏ ਗਏ। ਇਸ ਦੌਰਾਨ ਕਿਸਾਨ ਮਸਲਾ ਗੱਲਬਾਤ ਦਾ ਵਿਸ਼ਾ ਰਿਹਾ। ਸਮਾਜ ਸੇਵੀ ਹਰਬੰਸ ਸਿੰਘ ਢਿੱਲੋਂ, ਡਾ. ਹਰਗੁਰਪ੍ਰਤਾਪ ਸਿੰਘ, ਗਿਆਨੀ ਕੁਲਵੰਤ ਸਿੰਘ ਰੌਂਤਾ, ਬਲਜੀਤ ਗਰੇਵਾਲ ਤੇ ਡਾ. ਬਲਜੋਧ ਸਿੰਘ ਪਿੰਟੂ ਆਦਿ ਨੇ ਦੱਸਿਆ ਕਿ ਵੱਖ ਪ੍ਰੋਗਰਾਮਾਂ ਵਿੱਚ ਕਿਸਾਨਾਂ ਦੀ ਜਿੱਤ ਲਈ ਦੁਆ ਕੀਤੀ ਗਈ ਹੈ। ਨਵਾਂ ਸਾਲ ਕਿਸਾਨਾਂ ਦੇ ਨਾਲ ਹੈ।’ ਉਨ੍ਹਾਂ ਕਿਹਾ ਕਿ ਜੇ ਕਿਸਾਨ ਖੁਸ਼ਹਾਲ ਹੈ ਤਾਂ ਹੀ ਸੂਬਾ ਖੁਸ਼ਹਾਲ ਹੋ ਸਕਦਾ ਹੈ। ਇਸ ਵਾਰ ਸੋਸ਼ਲ ਮੀਡੀਆ ’ਤੇ ਕਿਸਾਨ ਮਸਲੇ ਨੂੰ ਨਵੇਂ ਸਾਲ ਨਾਲ ਜੋੜ ਕੇ ਕਈ ਪੋਸਟਾਂ ਵੀ ਵਾਇਰਲ ਹੋ ਰਹੀਆਂ ਹਨ। ਛੋਟੇ ਬੱਚੇ ਵੀ ਝੰਡੇ ਚੁੱਕ ਕੇ ਕਿਸਾਨ ਘੋਲ ਪ੍ਰਤੀ ਨਾਅਰੇ ਮਾਰਦੇ ਦਿਖਾਈ ਦਿੰਦੇ ਹਨ। ਹੱਟੀਆਂ ਭੱਠੀਆਂ ’ਤੇ ਵੀ ਦਿੱਲੀ ਧਰਨੇ ਦੀ ਨਵੀਂ ਖ਼ਬਰ ਵੱਲ ਕੰਨ ਲੱਗੇ ਹੋਏ ਹਨ।