ਐੱਨਪੀ ਸਿੰਘ
ਬੁਢਲਾਡਾ, 8 ਅਪਰੈਲ
ਇੱਥੇ ਅੱਜ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਜਸਵੰਤ ਸਿੰਘ ਬੀਰੋਕੇ, ਹਰਦਿਆਲ ਸਿੰਘ ਦਾਤੇਵਾਸ ਤੇ ਹਰਿੰਦਰ ਸੋਢੀ ਨੇ 189ਵੇਂ ਦਿਨ ਵਿੱਚ ਸ਼ਾਮਲ ਹੋਏ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸਾਰਾ ਦੇਸ਼ ਹੀ ਉੱਠ ਕੇ ਖੜਾ ਹੋ ਗਿਆ ਹੈ ਅਤੇ ਸਾਰੇ ਵਰਗਾਂ ਦੇ ਲੋਕ ਸੰਯੁਕਤ ਕਿਸਾਨ ਮੋਰਚੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੌਣ ਲੋਕਾਂ ਨਾਲ ਹੈ, ਕਿਨ੍ਹਾਂ ਦੀ ਸਾਂਝ ਲੋਕਾਂ ਨਾਲ ਹੈ। ਉਨ੍ਹਾਂ ਕਿਹਾ ਕਿ ਹਾੜੀ ਦੇ ਸੀਜ਼ਨ ਦਾ ਜ਼ੋਰ ਪੈਣ ਦੇ ਬਾਵਜੂਦ ਵੀ ਲੋਕ ਦਿੱਲੀ ਦੇ ਮੋਰਚਿਆਂ ਵਿੱਚ ਹੁੰਮ-ਹੁਮਾ ਕੇ ਪੁੱਜ ਰਹੇ ਹਨ। ਕਿਸਾਨ ਆਗੂਆਂ ਨੇ ਸ਼ਹੀਦ ਭਗਤ ਸਿੰਘ ਅਤੇ ਬੀ.ਕੇ ਦੱਤਾ ਵੱਲੋਂ 8 ਅਪਰੈਲ 1929 ਵਿੱਚ ਪਾਰਲੀਮੈਂਟ ਵਿੱਚ ਸੁੱਟੇ ਬੰਬ ਦੀ ਘਟਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵੀ ਅੱਜ ਖੇਤੀ ਕਾਨੂੰਨਾਂ ਨੂੰ ਅੰਗਰੇਜ਼ਾਂ ਦੀ ਤਰਜ਼ ’ਤੇ ਲਾਗੂ ਕਰ ਕੇ ਅੰਨ੍ਹਦਾਤੇ ਨੂੰ ਗੁਲਾਮ ਬਣਾਉਣ ਉੱਤੇ ਤੁਰੀ ਹੋਈ ਹੈ। ਇਸ ਮੌਕੇ ਬਸੰਤ ਸਹਾਰਨਾਂ, ਕੌਰ ਸਿੰਘ ਮੰਡੇਰ, ਦਰਸ਼ਨ ਰੱਲੀ, ਨੰਬਰਦਾਰ ਜਰਨੈਲ ਸਿੰਘ, ਭੂਰਾ ਸਿੰਘ ਅਹਿਮਦਪੁਰ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਪੱਕਾ ਕਿਸਾਨ ਮੋਰਚਾ ਜਾਰੀ ਹੈ। ਅੱਜ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਲਕੀਤ ਸਿੰਘ ਈਨਾ, ਗੁਰਨਾਮ ਸਿੰਘ ਗੰਗੋਹਰ, ਪਰਮਜੀਤ ਸਿੰਘ ਪੰਮਾ, ਮਾਸਟਰ ਪਿਸ਼ੌਰਾ ਸਿੰਘ, ਗੁਰਮੇਲ ਸਿੰਘ ਠੁੱਲੀਵਾਲ, ਜਸਵੀਰ ਕੌਰ ਆਦਿ ਨੇ ਕਿਹਾ ਕਿ ਪੱਕਾ ਕਿਸਾਨ ਮੋਰਚਾ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 10 ਮਾਰਚ ਨੂੰ ਕੇਐੱਮਪੀ ਰੋਡ ਜਾਮ ਕਰਨ ਦੇ ਦਿੱਤੇ ਸੱਦੇ ਤਹਿਤ ਭਲਕੇ ਕਿਸਾਨਾਂ ਦੇ ਕਾਫਲੇ ਦਿੱਲੀ ਦੇ ਬਾਰਡਰਾਂ ਲਈ ਰਵਾਨਾ ਹੋਣਗੇ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਜ਼ਿਲ੍ਹਾ ਬਠਿੰਡਾ ਦੀ ਮਹੀਨਾਵਾਰ ਮੀਟਿੰਗ ਪਿੰਡ ਸੇਲਬਰਾਹ ਵਿੱਚ ਹੋਈ। ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ ਸੇਲਬਰਾਹੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਦਿੱਲੀ ਸੰਯੁਕਤ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਜਥੇਬੰਦੀ ਦਾ ਝੰਡਾ ਨੀਵਾਂ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ ਅਤੇ ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਕੌਮੀ ਪ੍ਰਧਾਨ ਉਪਰ ਭਾਜਪਾ ਦੇ ਗੁੰਡਿਆਂ ਵੱਲੋਂ ਕੀਤੇ ਜਾਨਲੇਵਾ ਹਮਲੇ ਦੀ ਨਿਖੇਧੀ ਕੀਤੀ ਗਈ। ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਐੱਫਸੀਆਈ ਦਫ਼ਤਰਾਂ ਅੱਗੇ ਕਿਸਾਨਾਂ ਵੱਲੋਂ ਦਿੱਤੇ ਧਰਨਿਆਂ ਵਿੱਚ ਹੋਏ ਭਰਵੇਂ ਇਕੱਠਾਂ ਨੇ ਦਰਸਾ ਦਿੱਤਾ ਹੈ ਕਿ ਦੇਸ਼ ਦਾ ਕਿਸਾਨ ਹੁਣ ਜਾਗਰੂਕ ਹੋ ਚੁੱਕਾ ਹੈ ਤੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਜਥੇ ਭੇਜਣ ਦਾ ਸਿਲਸਿਲਾ ਜਾਰੀ ਹੈ ਅਤੇ ਜੱਥਾ ਭੇਜਣ ਦੀ ਤਿਆਰੀ ਲਈ ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 9 ਅਪਰੈਲ ਨੂੰ ਕਿਸਾਨ ਮੋਰਚੇ ਲਈ ਜ਼ਿਲ੍ਹਾ ਬਠਿੰਡਾ ਵੱਲੋਂ 21ਵਾਂ ਜੱਥਾ ਭੇਜਿਆ ਜਾਵੇਗਾ।
ਤਲਵੰਡੀ ਦੀ ਕਿਸਾਨ ਕਾਨਫਰੰਸ ’ਚ ਪਰਿਵਾਰਾਂ ਸਮੇਤ ਪੁੱਜਣ ਦਾ ਸੱਦਾ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ 190 ਦਿਨਾਂ ਤੋਂ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇੇ ਚੱਲ ਰਹੇ ਮੋਰਚੇ ਅੱਜ ਵੀ ਜਾਰੀ ਰਹੇ। ਇਸ ਮੌਕੇ ਬਲਾਕ ਆਗੂ ਬਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨੀ ਕਰਜ਼ੇ ਮੁਆਫ਼ ਕਰਨ ਮੌਕੇ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਇਆ ਜਾਂਦਾ ਹੈ, ਜਦੋਂ ਕਿ ਪੂੰਜੀਪਤੀਆਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਮਿੰਟਾਂ ’ਚ ਮੁਆਫ਼ ਕੀਤੇ ਜਾਂਦੇ ਹਨ। ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ 13 ਅਪਰੈਲ ਦੀ ਤਲਵੰਡੀ ਕਿਸਾਨ ਕਾਨਫਰੰਸ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਗੋਰਾ ਸਿੰਘ, ਥਰਮਲ ਦੇ ਠੇਕਾ ਮੁਲਾਜ਼ਮ ਆਗੂ ਜਗਰੂਪ ਸਿੰਘ ਲਹਿਰਾ ਅਤੇ ਗੁਰਮੇਲ ਸਿੰਘ ਨਥਾਣਾ ਨੇ ਸੰਬੋਧਨ ਕੀਤਾ। ਅਜੈਬ ਸਿੰਘ ਝੰਡੂਕੇ ਅਤੇ ਪ੍ਰਭਜੋਤ ਸਿੰਘ ਪੂਹਲਾ ਨੇ ਕਿਸਾਨੀ ਗੀਤ ਪੇਸ਼ ਕੀਤੇ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਹਾੜੀ ਦੇ ਸੀਜ਼ਨ ਵਿੱਚ ਕਿਸਾਨ ਮੋਰਚਿਆਂ ਦੀ ਜ਼ਿੰਮੇਵਾਰੀ ਔਰਤਾਂ ਨੂੰ ਸੰਭਾਲਣ ਲਈ ਪਿੰਡਾਂ ਵਿੱਚ ਔਰਤਾਂ ਨੂੰ ਜਥੇਬੰਦ ਕਰਕੇ ਨਵੀਆਂ ਕਮੇਟੀ ਬਣਾਉਣ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਇਸ ਤਹਿਤ ਪਿੰਡ ਲਹਿਰਾ ਖਾਨਾ ਵਿੱਚ ਜ਼ਿਲ੍ਹਾ ਆਗੂ ਕਰਮਜੀਤ ਕੌਰ ਲਹਿਰਾ ਦੀ ਅਗਵਾਈ ਵਿੱਚ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਸੁਰਿੰਦਰਪਾਲ ਕੌਰ ਨੂੰ ਪ੍ਰਧਾਨ, ਰਾਣੀ ਕੌਰ ਨੂੰ ਮੀਤ ਪ੍ਰਧਾਨ, ਪਰਮਜੀਤ ਕੌਰ ਜਨਰਲ ਸਕੱਤਰ, ਰਾਜ ਕੌਰ ਸਕੱਤਰ, ਦਰਸ਼ਨ ਕੌਰ ਖ਼ਜ਼ਾਨਚੀ ਅਤੇ ਅਮਨਦੀਪ ਕੌਰ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਮੌਕੇ ਸੁਖਪਾਲ ਕੌਰ, ਗੁਰਮੀਤ ਕੌਰ, ਨਰਿੰਦਰ ਕੌਰ, ਸੰਦੀਪ ਕੌਰ, ਵੀਰਪਾਲ ਅਤੇ ਪਰਮਿੰਦਰ ਕੌਰ ਸਣੇ ਵੱਡੀ ਗਿਣਤੀ ਵਿੱਚ ਹਾਜ਼ਰ ਔਰਤਾਂ ਨੇ ਮੋਰਚਿਆਂ ਨੂੰ ਜ਼ਿੰਮੇਵਾਰੀ ਨਾਲ ਸੰਭਾਲਣ ਦਾ ਪ੍ਰਣ ਕੀਤਾ।
ਦਿੱਲੀ ਪੁੱਜਣ ਦਾ ਸੱਦਾ
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇੱਥੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝਾ ਕਿਸਾਨ ਮੋਰਚਾ ਦੇ ਧਰਨੇ ਵਿੱਚ ਬੁਲਾਰਿਆਂ ਨੇ 10 ਅਪਰੈਲ ਨੂੰ ਦਿੱਲੀ ਦੇ ਕੁੰਡਲੀ ਮਨੇਤਰ ਪਲਬਲ ਬਾਰਡਰ ’ਤੇ 24 ਘੰਟੇ ਦਾ ਜਾਮ ਲਾਉਣ ਲਈ ਕਾਫ਼ਲਿਆਂ ਰਾਹੀਂ ਪੁੱਜਣ ਦਾ ਸੱਦਾ ਦਿੱਤਾ। ਧਰਨੇ ਨੂੰ ਰੂਪ ਸਿੰਘ, ਛੱਜੂ ਸਿੰਘ, ਤਾਰਾ ਚੰਦ ਬਰੇਟਾ, ਗੁਰਜੰਟ ਸਿੰਘ ਬਖ਼ਸ਼ੀਵਾਲਾ, ਮੇਲਾ ਸਿੰਘ ਦਿਆਲਪੁਰਾ, ਅਮਰਜੀਤ ਕੌਰ, ਦਸੌਂਦਾ ਸਿੰਘ ਬਹਾਦਰਪੁਰ, ਗੁਰਮੀਤ ਕੌਰ ਮੰਡੇਰ, ਵਾਸਾਵਾ ਸਿੰਘ ਕੁਲਰੀਆ ਤੇ ਨਿੱਜੀ ਪੈਟਰੋਲ ਪੰਪ ’ਤੇ ਉਗਰਾਹਾਂ ਦੇ ਧਰਨੇ ਨੂੰ ਕਰਮਜੀਤ ਸਿੰਘ, ਗੁਰਸੰਗਤ ਸਿੰਘ ਸੰਘਰੇੜੀ, ਕਰਮਜੀਤ ਕੌਰ, ਸਤਵੀਰ ਕੌਰ ਖੁਡਾਲ ਕਲਾਂ, ਮੱਖਣ ਸਿੰਘ ਬਰੇਟਾ, ਜੋਗਿੰਦਰ ਸਿੰਘ ਅਤੇ ਜਸਵੀਰ ਕੌਰ ਦਿਆਲਪੁਰਾ ਨੇ ਸੰਬੋਧਨ ਕੀਤਾ।