ਪੱਤਰ ਪ੍ਰੇਰਕ
ਝੁਨੀਰ, 19 ਮਈ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਇਕਾਈ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਚਚੋਹਰ, ਗੁਰਦੀਪ ਸਿੰਘ ਭੰਮਾ, ਲੀਲਾ ਸਿੰਘ ਭੰਮਾ, ਜ਼ਿਲ੍ਹਾ ਆਗੂ ਉੱਤਮ ਸਿੰਘ ਰਾਮਾਨੰਦੀ, ਰਾਣੀ ਕੌਰ ਭੰਮਾ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਪਿਛਲੀ ਨਰਮੇ ਦੀ ਗੁਲਾਬੀ ਸੁੰਡੀ ਦੀ ਭੇਟ ਚੜ੍ਹੀ ਫ਼ਸਲ ਦਾ ਅਜੇ ਤਕ ਝੁਨੀਰ ਬਲਾਕ ਦੇ 50 ਫ਼ੀਸਦੀ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਨ੍ਹਾਂ ਦੇ ਖਾਤੇ ਮਾਲ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਲਈ ਪ੍ਰਸ਼ਾਸਨ ਨੂੰ ਨਹੀਂ ਭੇਜੇ ਗਏ ਸਨ। ਇਕ ਸਾਲ ਪਟਵਾਰੀ ਕੋਲ 10-15 ਪਿੰਡ ਹੋਣ ਕਾਰਨ ਮਾਲ ਪਟਵਾਰੀਆਂ ਕੋਲ ਵਰਕ ਲੋਡ ਜ਼ਿਆਦਾ ਹੋਣ ਕਾਰਨ ਅਤੇ ਪਿਛਲੇ ਸਮੇਂ ਉਨ੍ਹਾਂ ਦੀ ਹੜਤਾਲ ਲੰਬੀ ਰਹਿਣ ਕਾਰਨ ਉਹ ਸਾਰੇ ਕਿਸਾਨਾਂ ਦੇ ਬੈਂਕ ਖਾਤੇ ਪ੍ਰਸ਼ਾਸਨ ਨੂੰ ਭੇਜਣ ਵਿੱਚ ਅਸਫਲ ਰਹੇ ਸਨ ਜਿਸ ਕਾਰਨ ਬਹੁਤੀ ਵੱਡੀ ਗਿਣਤੀ ਵਿੱਚ ਕਿਸਾਨ ਰਾਜ ਸਰਕਾਰ ਵੱਲੋਂ ਐਲਾਨਿਆ ਨਰਮੇ ਦਾ ਮੁਆਵਜ਼ਾ ਲੈਣ ਵਿੱਚ ਅਸਫ਼ਲ ਰਹੇ ਸਨ। ਕਿਸਾਨਾਂ ਨੇ ਦੱਸਿਆ ਕਿ ਮੁਆਵਜ਼ਾ ਨਾ ਮਿਲਣ ਤੇ ਕਣਕ ਦਾ ਝਾੜ 25 ਫੀਸਦੀ ਤੋਂ ਵੀ ਘੱਟ ਰਹਿਣ ਕਾਰਨ ਆਰਥਿਕ ਪੱਖੋਂ ਕਿਸਾਨ ਖੋਖਲੇ ਹੋ ਚੁੱਕੇ ਹਨ ਜਿਸ ਕਾਰਨ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਕਰਨ ਵਿਚ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ।