ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਪਰੈਲ
ਜ਼ਿਲ੍ਹੇ ਦੀਆਂ ਦਰਜਨਾਂ ਅਨਾਜ ਮੰਡੀਆਂ ਵਿਚ ਕਣਕ ਦੀ ਚੁਕਾਈ ਨਾ ਹੋਣ ਕਰ ਕੇ ਜਿਣਸ ਦੀ ਤੁਲਾਈ ਦੀ ਪ੍ਰੇਸ਼ਾਨੀ ਆਉਣ ਲੱਗੀ ਹੈ। ਕਿਸਾਨ ਕੱਚੀਆਂ ਥਾਵਾਂ ਉੱਤੇ ਵੀ ਆਪਣੀ ਫ਼ਸਲ ਢੇਰੀ ਕਰਨ ਲੱਗ ਪਏ ਹਨ। ਫ਼ਸਲ ਦੀ ਤੁਲਾਈ ਲਈ ਕਿਸਾਨ ਤਿੰਨ-ਤਿੰਨ ਦਿਨਾਂ ਤੋਂ ਬੈਠੇ ਹਨ। ਕਈ ਕੇਂਦਰਾਂ ’ਚ ਬਾਰਦਾਨੇ ਦੀ ਭਾਰੀ ਕਮੀ ਵੀ ਰੜਕਣ ਲੱਗੀ ਹੈ।
ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਪਿੱਛੋਂ ਬਾਰਦਾਨਾ ਨਾ ਆਉਣ ਕਾਰਨ ਹੁਣ ਮੰਡੀਆਂ ਵਿਚ ਘਾਟ ਰੜਕਣ ਲੱਗੀ ਹੈ। ਇੱਕ ਅਧਿਕਾਰੀ ਨੇ ਮੰਨਿਆ ਕਿ ਅਨਾਜ ਮੰਡੀਆਂ ਵਿਚ ਅੱਜ ਤੱਕ ਦਾ ਹੀ ਬਾਰਦਾਨਾ ਸੀ। ਉਧਰ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿਚ ਮੰਨਿਆ ਹੈ ਕਿ ਜ਼ਿਲ੍ਹੇ ਦੀਆਂ ਦਰਜਨਾਂ ਅਨਾਜ ਮੰਡੀਆਂ ਵਿਚ ਚੁਕਾਈ ਦੀ ਸਮੱਸਿਆ ਹੈ।
ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮਧੂ ਗੁਪਤਾ ਨੇ ਕਿਹਾ ਕਿ ਚੁਕਾਈ ਦੀ ਸਮੱਸਿਆ ਦੇ ਹੱਲ ਲਈ ਕਈ ਧਿਰਾਂ ਦੀ ਸਖ਼ਤੀ ਨਾਲ ਡਿਊਟੀ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਖ਼ਰੀਦ ਪ੍ਰਬੰਧਾਂ ਸਬੰਧੀ ਮੀਟਿੰਗ ਵਿਚ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਮੰਡੀਆਂ ਵਿਚੋਂ ਤੁਰੰਤ ਕਣਕ ਚੁਕਵਾਉਣ ਦਾ ਯਤਨ ਕਰਨ। ਉਨ੍ਹਾਂ ਜ਼ਿਲ੍ਹੇ ਦੇ ਤਿੰਨੇ ਐਸਡੀਐਮਜ਼ ਨੂੰ ਕਿਹਾ ਕਿ ਉਹ ਅਨਾਜ ਮੰਡੀਆਂ ’ਚੋਂ ਲਿਫਟਿੰਗ ਨੂੰ ਹਰ ਹੀਲੇ ਦਰੁਸਤ ਕਰਵਾਉਣ।
ਬੀਕੇਯੂ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਮਾਨ ਭੈਣੀਬਾਘਾ, ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਮੰਡੀਆਂ ਵਿਚ ਜਿਣਸ ਰੱਖਣ ਲਈ ਥਾਂ ਨਹੀਂ ਬਚੀ।
ਬਾਰਦਾਨੇ ਦੀ ਕਮੀ ਨਾਲ ਜੂਝ ਰਹੇ ਨੇ ਆੜ੍ਹਤੀਏ
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਹਿਰ ਦੀ ਅਨਾਜ ਮੰਡੀ ’ਚ ਚੁਕਾਈ ਨਾ ਹੋਣ ਕਾਰਨ ਕਣਕ ਦੇ ਅੰਬਾਰ ਲੱਗ ਚੁੱਕੇ ਹਨ ਤੇ ਕਿਸਾਨ ਮੰਡੀਆਂ ਵਿਚ ਖੱਜਲ ਹੋ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਤੱਕ ਮੰਡੀ ਵਿਚ ਕਰੀਬ 5 ਲੱਖ ਗੱਟੇ ਪਏ ਹਨ। ਇਸ ਤੋਂ ਇਲਾਵਾ ਆੜ੍ਹਤੀ ਬਾਰਦਾਨੇ ਦੀ ਘਾਟ ਤੋਂ ਪ੍ਰੇਸ਼ਾਨ ਹਨ। ਸਿੱਧੀ ਅਦਾਇਗੀ ਦੀ ਵਿਧੀ ਪੋਰਟਲ ਤੇ ਬੈਂਕਾਂ ਵਿਚ ਉਲਝੀ ਦਿਖਾਈ ਦੇ ਰਹੀ ਹੈ। ‘ਆਪ’ ਦੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ, ਉੱਪ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਗੁਰਭੇਜ ਸਿੰਘ ਬਰਾੜ ਤੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਢਿਲਵਾਂ ਨੇ ਸਥਾਨਕ ਮੰਡੀ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਤਕਲੀਫ਼ਾ ਸੁਣੀਆਂ। ਉਨ੍ਹਾਂ ਮਜ਼ਦੂਰਾਂ ਤੇ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ। ਮੀਡੀਆ ਨਾਲ ਮੁਖਾਤਬਿ ਹੁੰਦਿਆਂ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਦੇ ਦਾਅਵੇ ਤੇ ਜ਼ਮੀਨੀ ਹਕੀਕਤਾਂ ’ਚ ਵੱਡਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਲੋਕ ਕੇਂਦਰ ਤੋਂ ਔਖੇ ਸਨ ਤੇ ਹੁਣ ਮਾੜੇ ਖ਼ਰੀਦ ਪ੍ਰਬੰਧਾਂ ਕਾਰਨ ਸੂਬਾ ਸਰਕਾਰ ਤੋਂ ਵੀ ਲੋਕ ਅੱਕ ਚੁੱਕੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕਿਸਾਨਾਂ ਦੀ ਸਮੱਸਿਆ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਪਾਰਟੀ ਤਿੱਖਾ ਸੰਘਰਸ਼ ਕਰੇਗੀ। ਇਸ ਮੌਕੇ ਵਿਧਾਇਕ ਨੇ ਸਹਾਇਕ ਖ਼ੁਰਾਕ ਸਪਲਾਈਜ਼ ਅਫ਼ਸਰ ਸ਼ਮਾ ਗੋਇਲ ਨੂੰ ਮੌਕੇ ’ਤੇ ਸੱਦ ਕੇ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।