ਪੱਤਰ ਪ੍ਰੇਰਕ
ਸੰਘਾ, 18 ਅਪਰੈਲ
ਆਮ ਆਦਮੀ ਪਾਰਟੀ ਦੀ ਬਣੀ ਪੰਜਾਬ ਵਿੱਚ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਕਲਾਂ ਵਿਚ ਬਣੀ ਮੰਡੀ ਵਿਚ ਕਣਕ ਦੇ ਗੱਟਿਆਂ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਨੇ ਦੋਸ਼ ਲਗਾਏ ਹਨ ਕਿ ਅਨਾਜ ਮੰਡੀ ਮੀਰਪੁਰ ਕਲਾਂ ਵਿਖੇ ਗੱਟਿਆਂ ਦੀ ਲਿਫਟਿੰਗ ਨਹੀਂ ਹੋ ਰਹੀ ਜਿਸ ਕਰਕੇ ਕਿਸਾਨਾਂ ਨੂੰ ਮਜਬੂਰਨ ਆਪਣੀ ਕਣਕ ਕੱਚੇ ਵਿੱਚ ਉਤਾਰਨੀ ਪੈਂਦੀ ਹੈ। ਪਿੰਡ ਮੀਰਪੁਰ ਕਲਾਂ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੇਵਾਦਾਰ ਹਰਪਾਲ ਸਿੰਘ ਪਾਲੀ ਮੀਰਪੁਰ ਕਲਾਂ ਨੇ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਨੂੰ ਲਿਫਟਿੰਗ ਨਾ ਹੋਣ ਕਾਰਨ ਕੱਚੇ ਥਾਂ ਉੱਪਰ ਕਣਕ ਉਤਾਰਨੀ ਪੈ ਰਹੀ ਹੈ। ਇਸ ਸਬੰਧੀ ਉਹ ਮਾਰਕੀਟ ਕਮੇਟੀ ਸਰਦੂਲਗੜ੍ਹ ਨੂੰ ਵੀ ਜਾਣੂ ਕਰਵਾ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।