ਰਵਿੰਦਰ ਰਵੀ
ਬਰਨਾਲਾ, 9 ਅਕਤੂਬਰ
ਬਰਨਾਲਾ ਦੇ ਪਿੰਡ ਠੀਕਰੀਵਾਲ ਵਿੱਚ ਪਰਾਲੀ ਨਾ ਮਚਾਉਣ ਲਈ ਬੈਨਰ ਲਗਾਉਣ ਆਏ ਟੈਂਪੂ ਦਾ ਪਿੰਡ ਦੇ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਟੈਂਪੂ ਵਿੱਚ ਰੱਖੇ ਹੋਏ ਪਰਾਲੀ ਨਾ ਮਚਾਉਣ ਸਬੰਧੀ ਬੈਨਰ ਕਿਸਾਨਾਂ ਨੇ ਪਾੜਨੇ ਸ਼ੁਰੂ ਕਰ ਦਿੱਤੇ। ਇਸ ਸਾਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੋਕ ਟੈਂਪੂ ਤੋਂ ਬੈਨਰ ਕੱਢ ਕੇ ਪਾੜ ਰਹੇ ਹਨ। ਟੈਂਪੂ ਚਾਲਕ ਲੋਕਾਂ ਵਿੱਚ ਦੀ ਟੈਂਪੂ ਕੱਢ ਕੇ ਭੱਜਦਾ ਦਿਖਾਈ ਦੇ ਰਿਹਾ ਹੈ। ਕਿਸਾਨਾਂ ਵੱਲੋਂ ਕੀਤੀ ਗਈ ਅਜਿਹੀ ਕਾਰਵਾਈ ਪਰਾਲੀ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਨੂੰ ਦਿਖਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਕਿਹਾ ਕਿ ਉਹ ਵਿਭਾਗੀ ਕੰਮ ਜਲੰਧਰ ਗਏ ਹੋਏ ਹਨ ਅਤੇ ਬੈਨਰ ਪਾੜਨ ਵਾਲੀ ਘਟਨਾ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।