ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਕਤੂਬਰ
ਮਾਨਸਾ ਨੇੜਲੇ ਪਿੰਡ ਔਤਾਂਵਾਲੀ ਦੇ ਕਿਸਾਨ ਅਮਰੀਕ ਸਿੰਘ ਦੀ 6 ਕਨਾਲ ਜ਼ਮੀਨ ਦੀ ਨਿਲਾਮੀ ਦਾ ਉਸ ਵੇਲੇ ਬਚਾਅ ਹੋ ਗਿਆ, ਜਦੋਂ ਉਸ ਦੇ ਹੱਕ ਵਿੱਚ ਇਥੋਂ ਦੇ ਤਹਿਸੀਲਦਾਰ ਦਫ਼ਤਰ ਸਾਹਮਣੇ ਕਿਸਾਨ ਧਰਨਾ ਲਾ ਕੇ ਬੈਠ ਗਏ। ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਕੀਤੀ ਗਈ। ਜਥੇਬੰਦੀ ਨੇ ਨਿਲਾਮੀ ਰੋਕਣ ਤੋਂ ਬਾਅਦ ਜੇਤੂ ਰੈਲੀ ਕਰਦਿਆਂ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਵੀ ਕਿਸਾਨ ਅਤੇ ਮਜ਼ਦੂਰ ਦੀ ਜ਼ਮੀਨ ਤੇ ਘਰ ਨਿਲਾਮ ਨਹੀਂ ਹੋਣ ਦਿੱਤੇ ਜਾਣਗੇ।
ਜਥੇਬੰਦੀ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਨਿਲਾਮੀ ਰੋਕਣ ਲਈ ਇਥੇ ਤਹਿਸੀਲਦਾਰ ਦਫ਼ਤਰ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ’ਚ ਕੁਝ ਸਮਾਂ ਪਹਿਲਾਂ ਇੱਕ ਅੜ੍ਹਤੀਏ ਨੇ ਪੀੜਤ ਕਿਸਾਨ ਅਮਰੀਕ ਸਿੰਘ ਤੋਂ ਦੋ ਪ੍ਰਨੋਟ ਲਏ ਸਨ, ਜਿਸ ਦਾ 315000 ਰੁਪਏ ’ਚ ਸਮਝੌਤਾ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕੁਝ ਸਾਲ ਬਾਅਦ ਆੜ੍ਹਤੀਏ ਦੇ ਪੁੱਤਰ ਨੇ ਕਿਸਾਨ ਦਾ ਦੂਜਾ ਪ੍ਰਨੋਟ 595500 ਅਦਾਲਤ ’ਚ ਕੇਸ ਕਰਕੇ 6 ਕਨਾਲਾਂ ਕੁਰਕ ਕਰਨ ਦੇ ਹੁਕਮ ਲਿਆਂਦੇ। ਉਨ੍ਹਾਂ ਕਿਹਾ ਕਿ ਜ਼ਮੀਨ ਨੂੰ ਨਿਲਾਮ ਕਰਵਾਉਣ ਦੀ ਜਦੋਂ ਮਾਲ ਮਹਿਕਮੇ ਨੇ ਤਿਆਰੀ ਕਰ ਲਈ ਤਾਂ ਪੀੜਤ ਕਿਸਾਨ ਅਮਰੀਕ ਸਿੰਘ ਵੱਲੋਂ ਆਪਣਾ ਦੁੱਖ ਜਥੇਬੰਦੀ ਕੋਲ ਰੋਇਆ ਗਿਆ ਅਤੇ ਯੂਨੀਅਨ ਦੇ ਆਗੂਆਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਲਾਮੀ ਦੇ ਵਿਰੋਧ ’ਚ ਮੈਦਾਨ ਵਿੱਚ ਉਤਰਨ ਦਾ ਨਿਰਣਾ ਲਿਆ। ਉਨ੍ਹਾਂ ਕਿਹਾ ਕਿ ਇਸ ਤਹਿਤ ਹੀ ਅੱਜ ਨਿਲਾਮੀ ਨੂੰ ਰੱਦ ਕਰਵਾਉਣ ਲਈ ਤਹਿਸੀਲਦਾਰ ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ ਅਤੇ ਤਹਿਸੀਲਦਾਰ ਸਮੇਤ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਨੂੰ ਇਹ ਨਿਲਾਮੀ ਨਾ ਕਰਨ ਦੀ ਜਾਣਕਾਰੀ ਦੇਣ ਤੋਂ ਬਾਅਦ ਅਤੇ ਬੋਲੀ ਦੇਣ ਆਏ ਲੋਕਾਂ ਨੂੰ ਜਥੇਬੰਦੀ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਜਥੇਬੰਦੀ ਦੇ ਆਗੂ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਕਰਜ਼ੇ, ਕੁਰਕੀਆਂ ਖ਼ਤਮ ਕਰਨ ਦੇ ਦਗਮਜੇ ਮਾਰਦੀਆਂ ਹਨ, ਪਰ ਕਿਸਾਨਾਂ ਦੀਆਂ ਜਾਇਦਾਦਾਂ ਅਜੇ ਵੀ ਕੁਰਕ-ਨਿਲਾਮ ਦੇ ਆਦੇਸ਼ ਜਾਰੀ ਹੋ ਰਹੇ ਹਨ। ਇਸ ਮੌਕੇ ਬਲਵਿੰਦਰ ਸ਼ਰਮਾਂ ਖਿਆਲਾ, ਸੁਖਵਿੰਦਰ ਸਿੰਘ, ਹਰਦੇਵ ਸਿੰਘ ਰਾਠੀ, ਰਾਜ ਸਿੰਘ ਅਕਲੀਆ ਨੇ ਵੀ ਸੰਬੋਧਨ ਕੀਤਾ।