ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਪਿੰਡ ਜਗਜੀਤਪੁਰਾ ’ਚ ਪਰਾਲੀ ਨੂੰ ਲਾਈ ਅੱਗ ਨੂੰ ਬੁਝਾਉਣ ਆਏ ਨਾਇਬ ਤਹਿਸੀਲਦਾਰ ਨੂੰ ਕਿਸਾਨਾਂ ਨੇ ਘੇਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਗਜੀਤਪੁਰਾ ਦੇ ਕਿਸਾਨ ਜਗਪਾਲ ਸਿੰਘ ਅਤੇ ਗੁਰਚਰਨ ਸਿੰਘ ਦੇ ਖੇਤਾਂ ’ਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ। ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਲੈ ਕੇ ਆਏ। ਇਹ ਗੱਲ ਕਿਸਾਨਾਂ ਨੂੰ ਵੀ ਪਤਾ ਲੱਗ ਗਈ। ਦੇਖਦੇ ਹੀ ਦੇਖਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪਿੰਡ ਇਕਾਈ ਪ੍ਰਧਾਨ ਗੁਰਮੇਲ ਸਿੰਘ ਜਗਜੀਤਪੁਰਾ, ਦਰਸ਼ਨ ਸਿੰਘ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਸ਼ਹਿਣਾ ਸਮੇਤ ਸੈਂਕੜੇ ਕਿਸਾਨ ਪਹੁੰਚ ਗਏ ਅਤੇ ਨਾਇਬ ਤਹਿਸੀਲਦਾਰ ਦੀ ਗੱਡੀ ਨੂੰ ਘੇਰ ਲਿਆ। ਇਸ ਮੌਕੇ ਕਿਸਾਨਾਂ ਨੇ ‘‘ਛਾਪੇ ਮਾਰਨੇ ਬੰਦ ਕਰੋ, ਪਰਾਲੀ ਦਾ ਪ੍ਰਬੰਧ ਕਰੋ’’ ਦੇ ਨਾਅਰੇ ਵੀ ਲਗਾਏ। ਕਿਸਾਨ ਜਗਪਾਲ ਸਿੰਘ, ਗੁਰਚਰਨ ਸਿੰਘ ਆਦਿ ਨੇ ਕਿਹਾ ਕਿ ਪਰਾਲੀ ਨੂੰ ਸਾੜਨਾ ਕਿਸਾਨਾਂ ਦਾ ਸ਼ੌਕ ਨਹੀਂ ਹੈ, ਸਗੋਂ ਮਜਬੂਰੀ ਹੈ। ਕਿਸਾਨ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਕਿਸਾਨ ਦਾ ਪ੍ਰਦੂਸ਼ਣ ਫੈਲਾਉਣ ’ਚ ਸਿਰਫ 6 ਪ੍ਰਤੀਸ਼ਤ ਹਿੱਸਾ ਹੈ, ਜਦ ਕਿ 94 ਫੀਸਦੀ ਯੋਗਦਾਨ ਉਦਯੋਗਿਕ ਇਕਾਈਆਂ ਦਾ ਹੈ ਪ੍ਰੰਤੂ ਹਰ ਕੋਈ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਫੈਲਾਉਣ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾ ਰਿਹਾ ਹੈ। ਪ੍ਰਧਾਨ ਗੁਰਪ੍ਰੀਤ ਸਿੰਘ ਸ਼ਹਿਣਾ ਇਕਾਈ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਬਜਾਏ, ਪਰਾਲੀ ਸਾੜਨ ਤੋਂ ਰੋਕਣ ਲਈ ਰਾਹ ਪਈ ਹੋਈ ਹੈ। ਕਿਸਾਨਾਂ ’ਚ ਘਿਰੇ ਨਾਇਬ ਤਹਿਸੀਦਾਰ ਸੁਰਿੰਦਰ ਕੁਮਾਰ ਪੱਬੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।