ਜੋਗਿੰਦਰ ਸਿੰਘ ਮਾਨ
ਮਾਨਸਾ, 19 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਕੋਟਕ ਮਹਿੰਦਰਾ ਬੈਂਕ ਦੀ ਮਾਨਸਾ ਸਥਿਤ ਜਵਾਹਰਕੇ ਬ੍ਰਾਂਚ ਦਾ ਘਿਰਾਓ ਕਰ ਕੇ ਬੈਂਕ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕੀਤੀ। ਆਗੂਆਂ ਦੋਸ਼ ਲਾਇਆ ਕਿ ਬੈਂਕ ਵੱਲੋਂ ਕਰਜ਼ਈ ਕਿਸਾਨਾਂ ਦੀਆਂ ਧੱਕੇ ਨਾਲ ਬੀਮਾ ਪਾਲਿਸੀਆਂ ਕੀਤੀਆਂ ਜਾਂਦੀਆਂ ਹਨ, ਜਦੋਂ ਕੋਈ ਕਿਸਾਨ ਆਪਣੀ ਕਿਸ਼ਤ ਭਰਨ ਲਈ ਬੈਂਕ ਆਉਂਦਾ ਹੈ ਤਾਂ ਕਿਸ਼ਤ ਦੀ ਰਾਸ਼ੀ ਵਿੱਚੋਂ ਹੀ ਬੀਮਾ ਪਾਲਿਸੀ ਦੀ ਰਕਮ ਜਮ੍ਹਾਂ ਕਰ ਲਈ ਜਾਂਦੀ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਇਸ ਬੈਂਕ ਵੱਲੋਂ ਕਿਸਾਨ ਸੁਖਪਾਲ ਸਿੰਘ ਵਾਸੀ ਭੈਣੀਬਾਘਾ ਦੀ ਧੋਖਾਧੜੀ ਨਾਲ ਬੀਮਾ ਪਾਲਿਸੀ ਕੀਤੀ ਗਈ ਸੀ। ਇਹ ਕਿਸਾਨ ਕਈ ਵਾਰ ਬੈਂਕ ਅਧਿਕਾਰੀਆਂ ਕੋਲ ਆਪਣਾ ਹਾਲ ਬਿਆਨ ਕਰ ਚੁੱਕਿਆ ਸੀ, ਪਰ ਬੈਂਕ ਪ੍ਰਸ਼ਾਸਨ ਨੇ ਕਿਸਾਨ ਦੀ ਕੋਈ ਸੁਣਵਾਈ ਨਾ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਕਿਸਾਨ ਦੇ ਹੱਕ ਵਿੱਚ ਖੜ੍ਹਦਿਆਂ ਬੈਂਕ ਦਾ ਘਿਰਾਓ ਕਰ ਕੇ ਧਰਨਾ ਲਾਇਆ। ਉਨ੍ਹਾਂ ਕਿਹਾ ਕਿ ਇਹ ਧਰਨਾ ਬੈਂਕ ਅਧਿਕਾਰੀਆਂ ਦੇ ਵਿਸ਼ਵਾਸ ਦੁਆਉਣ ’ਤੇ ਮੁਲਤਵੀ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਕਿ ਬੀਮਾ ਰਾਸ਼ੀ ਦੇ ਰੂਪ ਵਿੱਚ ਕੱਟੀ ਕਿਸ਼ਤ ਛੇਤੀ ਹੀ ਕਿਸਾਨ ਦੇ ਖਾਤੇ ਵਿੱਚ ਵਾਪਸ ਪਾ ਦਿੱਤੀ ਜਾਵੇਗੀ।
ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਰੂਪ ਸਿੰਘ ਖਿਆਲਾ, ਬਲਜੀਤ ਸਿੰਘ ਚੌਧਰੀ, ਗੁਰਚਰਨ ਸਿੰਘ ਉੱਲਕ, ਰੂਪ ਸਿੰਘ ਅਕਲੀਆ, ਸਿਕੰਦਰ ਭੈਣੀਬਾਘਾ ਤੇ ਸੁਖਰਾਜ ਸਿੰਘ ਪੇਰੋਂ ਨੇ ਵੀ ਸੰਬੋਧਨ ਕੀਤਾ।