ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਬਿਜਲੀ ਸਪਲਾਈ ਵਿੱਚ ਲੱਗ ਰਹੇ ਕੱਟਾਂ ਤੋਂ ਦੁਖੀ ਪਿੰਡ ਗੁੰਮਟੀ ਕਲਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂੁਨੀਅਨ ਏਕਤਾ ਉਗਰਾਹਾਂ ਇਕਾਈ ਗੁੰਮਟੀ ਕਲਾਂ ਦੀ ਅਗਵਾਈ ਹੇਠ ਭਾਈਰੂਪਾ ਦੇ ਬਿਜਲੀ ਘਰ ਦਾ ਘਿਰਾਓ ਕੀਤਾ ਤੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਇਕਾਈ ਪ੍ਰਧਾਨ ਹਰਨੇਕ ਸਿੰਘ ਗੁੰਮਟੀ, ਸਤਨਾਮ ਸਿੰਘ, ਸੁਖਦਰਸ਼ਨ ਸਿੰਘ ਨੇ ਕਿਹਾ ਕਿ ਝੋਨੇ ਦੀ ਫਸਲ ਨੂੰ ਅਖੀਰਲੇ ਪਾਣੀ ਦੀ ਬਹੁਤ ਜ਼ਰੂਰਤ ਹੈ ਪਰ ਬਸਮਧੀ ਫੀਡਰ ਅਤੇ ਬਾਬਾ ਸਿੱਧ ਖੇਤੀ ਫੀਡਰਾਂ ਤੋਂ ਬਿਜਲੀ ਸਪਲਾਈ ਬਹੁਤ ਘੱਟ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਜੇਕਰ ਮਹਿਕਮੇ ਵੱਲੋਂ ਉਪਰੋਕਤ ਫੀਡਰਾਂ ਦੀ ਬਿਜਲੀ ਸਪਲਾਈ ਜਲਦੀ ਪੂਰੀ ਨਾ ਕੀਤੀ ਤਾਂ ਬਿਜਲੀ ਗਰਿੱਡ ਭਾਈਰੂਪਾ ਅੱਗੇ ਅਣਮਿੱਥੇ ਸਮੇ ਲਈ ਧਰਨਾ ਲਗਾਇਆ ਜਾਵੇਗਾ।