ਜੋਗਿੰਦਰ ਸਿੰਘ ਮਾਨ
ਮਾਨਸਾ, 13 ਅਕਤੂਬਰ
ਇਥੇ ਰਿਲਾਇੰਸ ਪੰਪ, ਰੇਲ ਪਟੜੀਆਂ ਉੱਤੇ ਦਿੱਤੇ ਜਾ ਰਹੇ ਧਰਨੇ ਦੌਰਾਨ ਹੁਣ ਵੱਡੀ ਪੱਧਰ ਉੱਤੇ ਸ਼ਹਿਰੀ ਬੁਲਾਰੇ ਸੰਬੋਧਨ ਕਰਨ ਲਈ ਪੁੱਜਣ ਲੱਗੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਹਿੰਦਰ ਸਿੰਘ ਰੁਮਾਣਾ ਨੇ ਕਿਹਾ ਕਿ ਸ਼ਹਿਰਾਂ ਦੀਆਂ ਜਥੇਬੰਦੀਆਂ ਉਨ੍ਹਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਤੋਂ ਇਲਾਵਾ ਅੰਦੋਲਨ ਲਈ ਤਿਲ-ਫੁੱਲ ਭੇਟ ਕਰਨ ਲੱਗੀਆਂ ਅਤੇ ਘੋਲ ਦੌਰਾਨ ਚੱਲ ਰਹੇ ਲੰਗਰਾਂ ਵਿੱਚ ਦਿਲ ਖੋਲ੍ਹ ਕੇ ਦਾਨ ਦੇਣ ਲੱਗੀਆਂ ਹਨ। ਇਸ ਮੌਕੇ ਇੰਦਰਜੀਤ ਝੱਬਰ, ਜੋਗਿੰਦਰ ਸਿੰਘ ਦਿਆਲਪੁਰਾ, ਜਗਦੇਵ ਸਿੰਘ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ।
ਗੋਨਿਆਣਾ ਮੰਡੀ (ਮਨੋਜ ਸ਼ਰਮਾ): ਬਠਿੰਡਾ ਅੰਮ੍ਰਿਤਸਰ ਕੌਮੀ ਸ਼ਾਹ ਰਾਹ ’ਤੇ ਪਿੰਡ ਜੀਦਾ ਨਜ਼ਦੀਕ ਪੈਂਦੇ ਟੌਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਇਕੱਠ ਵੱਲੋਂ 13ਵੇਂ ਦਿਨ ਵੀ ਟੌਲ ਪਲਾਜ਼ਾ ਮੱਲ੍ਹੀ ਰੱਖਿਆ ਅਤੇ ਟੌਲ ਪਲਾਜ਼ਾ ਦੇ ਮੁਲਾਜ਼ਮ ਵੀ ਸਮਰਥਨ ਵਿੱਚ ਬੈਠੇ। ਅੱਜ ਮੁੱਖ ਬੁਲਾਰੇ ਵਜੋਂ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵਾ ਵਾਲਾ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ, ਜਗਸੀਰ ਸਿੰਘ ਝੰਬਾ, ਸਮੇਤ ਔਰਤ ਆਗੂਆਂ ਨੇ ਵੀ ਸੰਬੋਧਨ ਕੀਤਾ। ਉਧਰੇ ਦੂਜੇ ਪਾਸੇ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ, ਬੇਅੰਤ ਸਿੰਘ ਮਹਿਮਾ ਸਰਜਾ ਅਤੇ ਮੰਡੀ ਦੇ ਆੜ੍ਹਤੀਆਂ ਵੱਲੋਂ ਬੱਸ ਸਟੈਂਡ ਚੌਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।
ਮਹਿਲ ਕਲਾਂ(ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਅੱਗੇ ਲਗਾਇਆ ਧਰਨਾ ਅੱਜ 13ਵੇਂ ਦਿਨ ਵੀ ਜਾਰੀ ਰਿਹਾ ਅਤੇ ਅੱਜ ਵੀ ਕਿਸਾਨਾਂ ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਵਾਹਨਾਂ ਨੂੰ ਬਗੈਰ ਟੌਲ ਟੈਕਸ ਦਿੱਤੇ ਮੁਫ਼ਤ ਲੰਘਾਇਆ ਗਿਆ। ਗਿੱਦੜਬਾਹਾ(ਦਵਿੰਦਰ ਮੋਹਨ ਬੇਦੀ): ਇਥੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਦੀ ਅਗਵਾਈ ਵਿੱਚ ਗਿੱਦੜਬਾਹਾ ਨੇੜੇ ਮਲੋਟ-ਬਠਿੰਡਾ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਰਿਲਾਇੰਸ ਪੰਪ ’ਤੇ ਲਗਾਇਆ ਗਿਆ
ਸਿਰਸਾ(ਪ੍ਰਭੂ ਦਿਆਲ): ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਪੱਕਾ ਮੋਰਚਾ ਜਾਰੀ ਹੈ। ਕਿਸਾਨਾਂ ਦੇ ਇਕ ਧੜੇ ਵੱਲੋਂ ਸਿਰਸਾ ਤੋਂ ਭਾਜਪਾ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਘਰ ਦੇ ਅੱਗੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।
ਭੁੱਚੋ ਮੰਡੀ(ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਰਿਲਾਇੰਸ ਪੰਪ ਦਾ ਘਿਰਾਓ ਅੱਜ ਤੇਰ੍ਹਵੇਂ ਦਿਨ ਵੀ ਜਾਰੀ ਰਿਹਾ।
ਬੁਢਲਾਡਾ ਦੇ ਰੇਲਵੇ ਟਰੈਕ ਤੋਂ ਕਿਸਾਨੀ ਪਿੜ ਸੰਤੋਖਿਆ
ਬੁਢਲਾਡਾ(ਪੱਤਰ ਪ੍ਰੇਰਕ): ਇੱਥੇ ਸ਼ਹਿਰ ’ਚੋਂ ਲੰਘਦੇ ਦਿੱਲੀ-ਫਿਰੋਜ਼ਪੁਰ ਰੇਲਵੇ ਟਰੈਕ ’ਤੇ ਲਗਾਤਾਰ ਧਰਨੇ ਦੇ ਰਹੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਾਰੀ ਧਰਨਾ ਸੰਤੋਖ ਕੇ ਅਗਲੇ ਕਿਸਾਨੀ ਐਕਸ਼ਨ ਨੂੰ ਬੀ.ਜੇ.ਪੀ ਦੇ ਵੱਡੇ ਲੀਡਰਾਂ ਦੇ ਦਫ਼ਤਰਾਂ, ਘਰਾਂ ਜਾਂ ਉਨ੍ਹਾਂ ਦੇ ਵੱਡੇ ਕਾਰੋਬਾਰਾਂ ਦੇ ਦਰਵਾਜ਼ਿਆਂ ਅੱਗੇ ਧਰਨੇ ਲਗਾਉਣ ਦਾ ਪ੍ਰੋਗਰਾਮ ਉਲੀਕ ਲਿਆ ਗਿਆ ਹੈ। ਜੱਥੇਬੰਦੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ 25 ਅਕਤੂਬਰ ਨੂੰ ਦੁਸਹਿਰੇ ’ਚ ਵੱਡੀ ਕਿਸਾਨਾਂ ਦੀ ਇਕੱਤਰਤਾ ਕਰਾਂਗੇ ਤਾਂ ਜੋ ਪੂਰੇ ਪੰਜਾਬ ਵਿੱਚ ਹੀ ਦਸਹਿਰੇ ਵਾਲੇ ਦਿਨ ਰੋਹ ਭਰਪੂਰ ਮੁਜ਼ਾਹਰਿਆਂ ਦੀ ਆਵਾਜ਼ ਮੋਦੀ ਦੇ ਕੰਨਾਂ ਤੱਕ ਪੁੱਜ ਜਾਵੇ।ਦੂਜੇ ਪਾਸੇ ਇੱਥੋਂ ਦੇ ਕੌਮੀ ਮਾਰਗ ਤੇ ਸਥਿਤ ਰਿਲਾਇੰਸ ਪੰਪ ਦੀ ਅੱਜ 31 ਕਿਸਾਨ ਜੱਥੇਬੰਦੀਆਂ ਦੇ ਏਕੇ ਨੇ ਚੁਫ਼ੇਰੇਓਂ ਘੇਰਾਬੰਦੀ ਕਰਕੇ ਆਪਣੇ ਲਗਾਤਾਰ ਜਾਰੀ ਧਰਨੇ ਨੂੰ ਵਿਸ਼ਾਲ ਬਣਾ ਲਿਆ ਹੈ। ਦੂਜੇ ਪਾਸੇ ਇੱਥੋਂ ਦੇ ਕੌਮੀ ਮਾਰਗ ਤੇ ਸਥਿਤ ਰਿਲਾਇੰਸ ਪੰਪ ਦੀ ਅੱਜ 31 ਕਿਸਾਨ ਜੱਥੇਬੰਦੀਆਂ ਦੇ ਏਕੇ ਨੇ ਚੁਫ਼ੇਰੇਓਂ ਘੇਰਾਬੰਦੀ ਕਰਕੇ ਆਪਣੇ ਲਗਾਤਾਰ ਜਾਰੀ ਧਰਨੇ ਨੂੰ ਵਿਸ਼ਾਲ ਬਣਾ ਲਿਆ ਹੈ। ਇਸ ਮੌਕੇ ਕਿਸਾਨ ਜੱਥੇਬੰਦੀ ਏਕਤਾ ਡਕੌਂਦਾਂ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ,ਖੇਤ ਮਜ਼ਦੂਰ ਸਭਾ ਦੇ ਕਰਨੈਲ ਸਿੰਘ, ਕਿਸਾਨ ਆਗੂ ਬਲਦੇਵ ਸਿੰਘ ਪਿੱਪਲੀਆਂ, ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ, ਤਰਨਜੀਤ ਸਿੰਘ ਪੱਪੀ, ਸਤਪਾਲ ਸਿੰਘ ਬਰ੍ਹੇ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਕਿਸਾਨਾਂ ਦੇ ਇਸ ਪਿੜ੍ਹ ਵਿੱਚ ਇਨਕਲਾਬੀ ਗੀਤਾਂ ਨਾਲ ਚਿੱੜੀਆ ਸਿੰਘ ਗੁਰਨੇ ਕਲਾਂ ਅਤੇ ਬਲਵੀਰ ਸਿੰਘ ਭੱਠਲ ਨੇ ਚੰਗਾ ਰੰਗ ਬੰਨ੍ਹੀ ਰੱਖਿਆ।