ਇਕਬਾਲ ਸਿੰਘ ਸ਼ਾਂਤ
ਲੰਬੀ, 19 ਅਪਰੈਲ
ਨਰਸਿੰਘ ਕਲੋਨੀ ’ਚ ਕਣਕ ਵਜ਼ਨ ’ਚ ਕਥਿਤ ਡੇਢ ਕੁਇੰਟਲ ਦਾ ਫ਼ਰਕ ਆਉਣ ਕਰਕੇ ਧਰਮ ਕੰਡਾ ਸੀਲ ਹੋਣ ਉਪਰੰਤ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁਨਾਂ ਨੇ ਆੜ੍ਹਤੀ ਅਤੇ ਕੰਡੇ ਦੇ ਮਾਲਕ ਖ਼ਿਲਾਫ਼ ਕਾਰਵਾਈ ਅਤੇ ਨੁਕਸਾਨ ਦੀ ਭਰਪਾਈ ਡੱਬਵਾਲੀ-ਮਲੋਟ ਰੋਡ ’ਤੇ ਜਾਮ ਲਾਇਆ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਇਸ ਮੌਕੇ ਡੀਐਸਪੀ ਫਤਿਹ ਸਿੰਘ ਬਰਾੜ, ਨਾਇਬ ਤਹਿਸੀਲਦਾਰ ਜਸਵਿੰਦਰ ਕੌਰ ਅਤੇ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਮਨਦੀਪ ਕੰਗ ਅਤੇ ਥਾਣਾ ਕਿੱਲਿਆਂਵਾਲੀ ਦੇ ਮੁਖੀ ਬਲਰਾਜ ਸਿੰਘ ਨੇ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਕਾਨੂੰਨੀ ਕਾਰਵਾਈ ਨਾ ਹੋਣ ਤੱਕ ਗੱਲਬਾਤ ਤੋਂ ਕੋਰੀ ਨਾਂਹ ਕਰ ਦਿੱਤੀ। ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਕੰਡੇ ’ਤੇ ਵਜ਼ਨ ’ਚ ਡੇਢ ਕੁਇੰਟਲ ਦਾ ਫ਼ਰਕ ਆਉਣ ਨਾਲ ਕਿਸਾਨ ਵਰਿੰਦਰ ਸਿੰਘ ਨੂੰ ਆਰਥਿਕ ਨੁਕਸਾਇਆ ਹੋਇਆ ਹੈ। ਅਜਿਹੇ ‘ਚ ਕਿਸਾਨ ਦੀ ਫ਼ਸਲ ਖਰੀਦ ਜਰੀਏ ਵਰ੍ਹਿਆਂ ਤੋਂ ਆਰਥਿਕ ਲੁੱਟ ਹੁੰਦੀ ਆ ਰਹੀ ਹੈ। ਪੀੜਤ ਕਿਸਾਨ ਦੇ ਨੁਕਸਾਨ ਦੀ ਭਰਪਾਈ ਤੁਰੰਤ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਆੜ੍ਹਤੀ ਦਾ ਲਾਇਸੈਂਸ ਰੱਦ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਕੰਡਾ ਮਾਲਕ ’ਤੇ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਪੁਲੀਸ-ਪ੍ਰਸ਼ਾਸਨ ਅਤੇ ਕਿਸਾਨਾਂ ਵਿਚਕਾਰ ਕਈ ਗੇੜ ਦੀ ਗੱਲਬਾਤ ਹੋਈ। ਡੀਐਸਪੀ ਫਤਿਹ ਸਿੰਘ ਨੇ ਕਿਹਾ ਕਿ ਸਬੰਧਤ ਵਿਭਾਗ ਨੇ ਕਿਸਾਨਾਂ ਨੂੰ ਹਫ਼ਤੇ ਭਰ ‘ਚ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ ਜਿਸ ‘ਤੇ ਉਨ੍ਹਾਂ ਧਰਨਾ ਮੁਲਤਵੀ ਕਰ ਦਿੱਤਾ।