ਨਿੱਜੀ ਪੱਤਰ ਪ੍ਰੇਰਕ
ਜੈਤੋ, 22 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਪਿੰਡ ਰਣ ਸਿੰਘ ਵਾਲਾ ’ਚ ਐੱਸਡੀਐੱਮ ਦਫ਼ਤਰ ਜੈਤੋ ਤੋਂ ਇੱਕ ਕਿਸਾਨ ਦੀ ਕਥਿਤ ਕੁਰਕੀ ਕਰਨ ਗਏ ਅਧਿਕਾਰੀਆਂ ਦਾ ਵਿਰੋਧ ਕਰਕੇ ਕਾਰਵਾਈ ਕਰਨ ਤੋਂ ਰੋਕ ਦਿੱਤਾ।
ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਬਰਾੜ ਰੋੜੀਕਪੂਰਾ ਅਨੁਸਾਰ ਕਿਸਾਨ ਸਿਕੰਦਰ ਸਿੰਘ ਦੀ ਜ਼ਮੀਨ ਦੀ ਕੁਰਕੀ ਕਰਨ ਲਈ ਐੱਸਡੀਐੱਮ ਦਫ਼ਤਰ ਜੈਤੋ ਦਾ ਅਮਲਾ ਪਿੰਡ ਪੁੱਜਾ। ਇੱਥੇ ਪਹਿਲਾਂ ਤੋਂ ਤਿਆਰ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਨਾਅਰੇ ਲਾ ਕੇ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਦੱਸਿਆ ਕਿ ਸਿਕੰਦਰ ਸਿੰਘ ਨੇ ਕੋਆਪਰੇਟਿਵ ਬੈਂਕ ਕੋਟਕਪੂਰਾ ਤੋ 1.60 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ ਵਿੱਚੋਂ 1.20 ਲੱਖ ਰੁਪਏ ਸਰਕਾਰ ਵੱਲੋਂ ਮੁਆਫ਼ ਕਰ ਦਿੱਤੇ ਗਏ ਅਤੇ 70 ਹਜ਼ਾਰ ਰੁਪਏ ਦੀ ਕਿਸਾਨ ਨੇ ਬੈਂਕ ਨੂੰ ਅਦਾਇਗੀ ਕਰ ਦਿੱਤੀ। ਕਿਸਾਨ ਆਗੂ ਨੇ ਕਿਹਾ ਕਿ ਇਸ ਦੇ ਬਾਵਜੂਦ ਬੈਂਕ ਨੇ 3.38 ਲੱਖ ਰੁਪਏ ਦਾ ਕੇਸ ਪਾ ਕੇ ਜ਼ਮੀਨ ਦੀ ਕੁਰਕੀ ਦਾ ਹੁਕਮ ਲਿਆਂਦਾ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਅਤੇ ਸਰਕਾਰ ਦੀਆਂ ਨਾਕਾਮੀਆਂ ਕਾਰਨ ਕਰਜ਼ੇ ਭਰਨ ਤੋਂ ਅਸਮਰੱਥ ਕਿਸਾਨਾਂ ਦੀਆਂ ਕੁਰਕੀਆਂ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਸਿਰ ਚੜ੍ਹਿਆ ਹਰ ਤਰ੍ਹਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਵਿੱਖ ਵਿੱਚ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ਪਵਿੱਤਰ ਸਿੰਘ ਰਣ ਸਿੰਘ ਵਾਲਾ, ਬੇਅੰਤ ਸਿੰਘ ਰਣ ਸਿੰਘ ਵਾਲਾ ਆਦਿ ਕਿਸਾਨ ਆਗੂ ਹਾਜ਼ਰ ਸਨ।
ਹੱਕਾਂ ਲਈ ਕਿਸਾਨਾਂ ਨੂੰ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਸੱਦਾ
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਕਿਰਤੀ ਵਰਗ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੁਹਰੇ ਚੱਲ ਰਿਹਾ ਪੱਕਾ ਮੋਰਚਾ 12ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਕਿਹਾ ਕਿ ਮੰਗਾਂ-ਮਸਲਿਆਂ ਦਾ ਹੱਲ ਨਾ ਹੋਣ ਤੱਕ ਉਹ ਘਰਾਂ ਨੂੰ ਵਾਪਸ ਨਹੀਂ ਜਾਣਗੇ। ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿਛਲੇ ਦਿਨੀ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਘਰਾਂ ਦੇ ਮਕਾਨ ਵੀ ਡਿੱਗੇ ਹਨ, ਗੁਆਰਾ ਤੇ ਮੂੰਗਫਲੀ ਦੀ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਨਾਲ ਗਊਆਂ ਦੀ ਹੋਈ ਮੌਤ ਕਾਰਨ ਕਈ ਪਰਿਵਾਰਾਂ ਦਾ ਆਰਥਿਕ ਨੁਕਸਾਨ ਹੋਇਆ ਅਤੇ ਸਰਕਾਰ ਵੱਲੋਂ ਹਰ ਦਿਨ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਲਗਾਈਆਂ ਜਾ ਰਹੀਆਂ ਰੈੱਡ ਐਂਟਰੀਆਂ ਬੰਦ ਕਰਵਾਉਣ ਲਈ ਧਰਨਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੇ ਸਰਕਾਰ ਇਸ਼ਤਿਹਾਰਾਂ ਵਿੱਚ ਲੋਕ ਪੱਖੀ ਹੋਣ ਦੇ ਦਮਗਜੇ ਮਾਰਦੀ ਹੈ ਪਰ ਸਰਕਾਰ ਦਾ ਕੀਤਾ ਹਰ ਵਾਅਦਾ ਕਿਰਤੀ ਲੋਕਾਂ ਨਾਲ ਕੋਝਾ ਮਜ਼ਾਕ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਰਤੀ ਵਰਗ ਆਪਣੀਆਂ ਰੋਜ਼ਮਰ੍ਹਾ ਦੀਆਂ ਮੁੱਖ ਮੰਗਾਂ ਰੋਟੀ, ਕੱਪੜਾ ਅਤੇ ਮਕਾਨ ਲਈ ਹਰ ਦਿਨ ਸੰਘਰਸ਼ ਕਰ ਰਿਹਾ ਹੈ ਪਰ ਸਰਕਾਰ ਸੰਘਰਸ਼ੀ ਲੋਕਾਂ ਦਾ ਸਬਰ ਪਰਖ ਰਹੀ ਹੈ। ਉਨ੍ਹਾਂ ਕਿਹਾ ਕਿ ਕਿਰਤੀ ਵਰਗ ਨੂੰ ਸਿਆਸਤਦਾਨਾਂ ਦੇ ਫੋਕੇ ਲਾਰਿਆਂ ਨੂੰ ਛੱਡ ਕੇ ਸੰਘਰਸ਼ਾਂ ’ਤੇ ਟੇਕ ਰੱਖਣ ਦੀ ਲੋੜ ਹੈ। ਇਸ ਮੌਕੇ ਦੀਦਾਰ ਸਿੰਘ ਖਾਰਾ, ਲੀਲਾ ਸਿੰਘ ਮੂਸਾ, ਗੁਰਮੇਲ ਸਿੰਘ ਖੋਖਰ, ਚਮਕੌਰ ਸਿੰਘ ਚਕੇਰੀਆਂ ਆਦਿ ਹਾਜ਼ਰ ਸਨ।