ਜੋਗਿੰਦਰ ਸਿੰਘ ਮਾਨ
ਮਾਨਸਾ, 4 ਮਾਰਚ
ਰੂਸ ਅਤੇ ਯੂਕਰੇਨ ਦਰਮਿਆਨ ਛਿੜੀ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 115 ਡਾਲਰ ਪ੍ਰਤੀ ਬੈਰਲ ਵੱਧਣ ਤੋਂ ਬਾਅਦ ਭਵਿੱਖ ਵਿੱਚ ਛੇਤੀ ਡੀਜ਼ਲ ਅਤੇ ਪੈਟਰੋਲ ਹੋਰ ਮਹਿੰਗਾ ਹੋਣ ਦੇ ਡਰੋਂ ਲੋਕ ਵੱਡੀ ਪੱਧਰ ’ਤੇ ਡੀਜ਼ਲ ਭੰਡਾਰ ਕਰਕੇ ਰੱਖਣ ਲੱਗੇ ਹਨ। ਕਿਸਾਨਾਂ ਵੱਲੋਂ ਡੀਜ਼ਲ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਸ ਜੰਗ ਦੌਰਾਨ ਕਿਸਾਨਾਂ ਵਿੱਚ ਡੀਜ਼ਲ ਦੀ ਖਪਤ ਪੂਰੀ ਕਰਨ ਲਈ ਤੇਲ ਭੰਡਾਰ ਕਰਨ ਦੀ ਹੋੜ ਲੱਗ ਚੁੱਕੀ ਹੈ ਤਾਂ ਜੋ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਨੂੰ ਸੰਭਾਲ ਲਈ ਖੇਤੀ ਮਸ਼ੀਨਰੀ ਨੂੰ ਲੰਬੇ ਸਮੇਂ ਤੱਕ ਚਲਾਇਆ ਜਾ ਸਕੇ।
ਵੇਰਵਿਆਂ ਅਨੁਸਾਰ ਲਗਪਗ ਇੱਕ ਕੰਬਾਇਨ ਲਈ ਦੋ ਹਜ਼ਾਰ ਲੀਟਰ ਤੇਲ ਦੀ ਖਪਤ ਹੁੰਦੀ ਹੈ। ਪਹਿਲਾਂ ਤਾਂ ਕਿਸਾਨਾਂ ਨੂੰ ਇੱਕ ਹਫ਼ਤੇ ਲਈ ਤੇਲ ਜਮ੍ਹਾਂ ਕਰਨ ਦੀ ਲੋੜ ਪੈਂਦੀ ਸੀ, ਪਰ ਇਸ ਜੰਗ ਦੌਰਾਨ ਕਿਸਾਨਾਂ ਵਿੱਚ ਡੀਜ਼ਲ ਦੀ ਘਾਟ ਨੂੰ ਲੈ ਕੇ ਡਰ ਪੈਦਾ ਹੋ ਗਿਆ, ਜਿਸ ਕਾਰਨ ਕਿਸਾਨ ਧੜਾ-ਧੜ ਘਰਾਂ ਵਿੱਚ ਖੇਤੀ ਮਸ਼ੀਨਰੀ ਲਈ ਤੇਲ ਜਮ੍ਹਾਂ ਕਰਨ ਲੱਗੇ ਹਨ। ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਅਤੇ ਪਿੰਡ ਫਫੜੇ ਭਾਈਕੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਗਪਗ 25 ਦੇ ਕਰੀਬ ਛੋਟੀਆਂ ਅਤੇ ਵੱਡੀਆਂ ਮਸ਼ੀਨਾਂ ਅਤੇ ਹੋਰ ਮਸ਼ੀਨਰੀ ਵਾਢੀ ਕਰਨ ਲਈ ਕਿਸਾਨਾਂ ਵੱਲੋਂ ਵਰਤੀ ਜਾਂਦੀ ਹੈ, ਜਿਨ੍ਹਾਂ ਵਿੱਚ ਲਗਭਗ ਪ੍ਰਤੀ ਕੰਬਾਈਨ 2 ਹਜ਼ਾਰ ਲੀਟਰ ਡੀਜ਼ਲ ਖਪਤ ਹੁੰਦਾ ਹੈ ਅਤੇ ਇਸ ਤੇਲ ਦੀ ਕੀਮਤ ਲਗਭਗ ਦੋ ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਲਗਭਗ 50 ਲੱਖ ਦੇ ਕਰੀਬ ਇਨ੍ਹਾਂ ਕੰਬਾਇਨਾਂ ਵਿੱਚ ਸੀਜ਼ਨ ਦੌਰਾਨ ਡੀਜ਼ਲ ਮੱਚਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤੇ ਕਿਸਾਨਾਂ ਵੱਲੋਂ ਵਿਆਜ ਉਪਰ ਪੈਸੇ ਚੁੱਕ ਕੇ ਡੀਜ਼ਲ ਸਟੋਰ ਕੀਤਾ ਜਾ ਰਿਹਾ ਹੈ।
ਉਧਰ ਡੀਜ਼ਲ ਦੀ ਮੰਗ ਇੱਕਦਮ ਵੱਧਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਤਿੰਨ ਦਰਜਨ ਤੋਂ ਵੱਧ ਡੀਜ਼ਲ ਪੰਪ ਅੱਜ ਦਿਨ ਖੜ੍ਹੇ ਹੀ ਡਰਾਈ ਹੋ ਗਏ ਹਨ, ਜਿਨ੍ਹਾਂ ਤੋਂ ਕਿਸਾਨਾਂ ਨੇ ਫ਼ਟਾਫ਼ਟ ਡੀਜ਼ਲ ਖਰੀਦ ਲਿਆ। ਡਿਊ ਪੰਪ ਦੇ ਮੈਨੇਜਰ ਸੁਖਦਰਸ਼ਨ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਵਿਖੇ ਇੱਕ ਤਾਂ ਉਨ੍ਹਾਂ ਦਾ ਪੰਪ ਨਵਾਂ ਲੱਗਿਆ ਹੈ, ਦੂਜਾ ਜੰਗ ਦੇ ਅਸਰ ਕਾਰਨ ਵੱਡੀ ਗਿਣਤੀ ਵਿੱਚ ਕਿਸਾਨ ਵੱਡੀ ਗਿਣਤੀ ਡੀਜ਼ਲ ਭਰਵਾਕੇ ਘਰਾਂ ਨੂੰ ਲਿਜਾਣ ਲੱਗੇ ਹਨ।
ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਹੁਣ ਸਭ ਤੋਂ ਵੱਧ ਕਿਸਾਨ ਡੀਜ਼ਲ ਖਰੀਦਣ ਲਈ ਰਾਸ਼ੀ ਦੀ ਮੰਗ ਕਰਨ ਲੱਗੇ ਹਨ ਅਤੇ ਬਹੁਤੇ ਕਿਸਾਨ ਉਧਰ ਡੀਜ਼ਲ ਲੈਣ ਦੀ ਪਰਚੀ ਵੀ ਮੰਗਣ ਲੱਗੇ ਹਨ।