ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਮਾਰਚ
ਹਰ ਵਾਰ ਦੀ ਤਰ੍ਹਾਂ ਆਲੂ ਕਾਸ਼ਤਕਾਰ ਕਿਸਾਨਾਂ ਦੇ ਪੱਲੇ ਮੰਦੇ ਭਾਅ ਕਾਰਨ ਇਸ ਵਾਰ ਮੁੜ ਨਿਰਾਸ਼ਾ ਪਈ ਹੈ। ਚੰਗੀ ਫ਼ਸਲ ਹੋਣ ਦੇ ਬਾਵਜੂਦ ਕਿਸਾਨ ਦੁਖੀ ਹਨ ਕਿਉਂਕਿ ਉਨ੍ਹਾਂ ਨੂੰ ਫ਼ਸਲ ਦਾ ਚੰਗਾ ਭਾਅ ਨਹੀਂ ਮਿਲ ਰਿਹਾ। ਆਲਮ ਇਹ ਹੈ ਕਿ ਆਪਣੀ ਫ਼ਸਲ ਨੂੰ ਕਿਸਾਨ ਪ੍ਰਾਈਵੇਟ ਵਪਾਰੀਆਂ ਨੂੰ ਵੇਚ ਕੇ ਘਾਟਾ ਝੱਲ ਰਿਹਾ ਹੈ। ਨਿਰਾਸ਼ਾ ਇਸ ਹੱਦ ਤੱਕ ਵਧ ਗਈ ਹੈ ਕਿ ਬਹੁ ਗਿਣਤੀ ਕਿਸਾਨ ਆਲੂ ਦੀ ਖੇਤੀ ਛੱਡ ਰਹੇ ਹਨ। ਪਿੰਡ ਬਖ਼ਤਗੜ੍ਹ ਦੇ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਛੇ ਸਾਲਾਂ ਤੋਂ ਆਲੂ ਦੀ ਫ਼ਸਲ ਬੀਜ ਰਿਹਾ ਹੈ ਪਰ ਇਸਦਾ ਪੱਕਾ ਭਾਅ ਨਹੀਂ ਮਿਲਿਆ। ਐਤਕੀਂ 50 ਕਿਲੋ ਆਲੂ ਦਾ ਗੱਟਾ ਸਿਰਫ਼ 300 ਤੋਂ 350 ਰੁਪਏ ਵਿਕ ਰਿਹਾ ਹੈ। ਪਿਛਲੇ ਵਰ੍ਹੇ ਉਨ੍ਹਾਂ ਨੇ ਆਲੂ ਦੀ ਫ਼ਸਲ 1300 ਤੋਂ 1400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਸੀ। ਪਿਛਲੇ ਸਾਲ ਦੇ ਮੁਕਾਬਲੇ ਖ਼ਰਚੇ ਵਧੇ ਹਨ, ਜਦੋਂਕਿ ਫ਼ਸਲ ਦਾ ਭਾਅ ਅੱਧਾ ਹੀ ਰਹਿ ਗਿਆ ਹੈ। ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਦੁੱਗਲ ਨੇ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਦੀ ਲੜਾਈ ਫ਼ਸਲਾਂ ਤੇ ਐੱਮਐੱਸਪੀ ਦੀ ਹੀ ਹੈ। ਕਿਸਾਨ ਖ਼ੁਦ ਕਣਕ ਝੋਨੇ ਦੇ ਫ਼ਸਲੀ ਚੱਕਰ ’ਚੋਂ ਨਿਕਲਣਾ ਚਾਹੁੰਦੇ ਹਨ ਪਰ ਆਲੂ, ਮੱਕੀ ਦਾ ਭਾਅ ਨਾ ਮਿਲਣ ਕਾਰਨ ਕਿਸਾਨਾਂ ਨੂੰ ਘਾਟਾ ਪੈ ਰਿਹਾ ਹੈ। ਇਸ ਕਰਕੇ ਕਿਸਾਨ ਕਰਜ਼ੇ ਹੇਠ ਆ ਰਹੇ ਹਨ। ਪੰਜਾਬ ਸਰਕਾਰ ਨੂੰ ਕੇਰਲ ਸਰਕਾਰ ਦੀ ਤਰਜ਼ ’ਤੇ ਆਲੂ, ਮੱਕੀ ਵਰਗੀਆਂ ਫ਼ਸਲਾਂ ਲਈ ਐੱਮਐੱਸਪੀ ਤੈਅ ਕਰਕੇ ਸਰਕਾਰੀ ਖ਼ਰੀਦ ਕਰਨੀ ਚਾਹੀਦੀ ਹੈ।