ਸੁੰਦਰ ਨਾਥ ਆਰੀਆ
ਅਬੋਹਰ, 13 ਅਕਤੂਬਰ
ਇਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਸ਼ੈੱਲਰ ਮਾਲਕਾਂ ਵੱਲੋਂ ਕਿਸਾਨਾਂ ਤੋਂ 2 ਕਿੱਲੋ ਤੋਂ 5 ਕਿੱਲੋ ਤੱਕ ਕਾਟ ਮੰਗੇ ਜਾਣ ਦੇ ਰੋਸ ਵਜੋਂ ਕਿਸਾਨਾਂ ਨੇ ਮੰਡੀ ਦਾ ਮੁੱਖ ਗੇਟ ਬੰਦ ਕਰਕੇ ਧਰਨਾ ਦਿੱਤਾ। ਕਿਸਾਨਾਂ ਨੇ ਬੀਤੇ ਦਿਨ ਚਿਤਾਵਨੀ ਦਿੱਤੀ ਸੀ ਕਿ ਉਹ ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀਂ ਕਰਨਗੇ। ਕਿਸਾਨਾਂ ਨੇ ਫਾਜ਼ਿਲਕਾ ਦੇ ਡੀਸੀ ਬਬੀਤਾ ਕਲੇਰ ਨੂੰ ਵੀ ਮਾਮਲੇ ਤੋਂ ਜਾਣੂ ਕਰਵਾਇਆ ਸੀ। ਡੀਸੀ ਨੇ ਕਿਸਾਨਾਂ ਨੂੰ 4:30 ਵਜੇ ਨਵੀਂ ਅਨਾਜ ਮੰਡੀ ਵਿੱਚ ਪੁੱਜ ਕੇ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਡੀਸੀ ਦੇ ਨਾ ਪੁੱਜਣ ’ਤੇ ਕਿਸਾਨਾਂ ਨੇ ਮੰਡੀ ਦਾ ਗੇਟ ਬੰਦ ਕਰ ਦਿੱਤਾ। ਕਿਸਾਨਾਂ ਦੇ ਧਰਨੇ ਦੀ ਸੂਚਨਾ ਮਿਲਣ ’ਤੇ ਐੱਸਡੀਐੱਮ ਅਮਿਤ ਗੁਪਤਾ ਅਤੇ ਤਹਿਸੀਲਦਾਰ ਜਸਪਾਲ ਸਿੰਘ ਬਰਾੜ ਮੌਕੇ ’ਤੇ ਪੁੱਜੇ ਅਤੇ ਕਿਸਾਨਾਂ ਨੂੰ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਕ ਪਾਸੇ ਤਾਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਪਰ ਦੂਜੇ ਪਾਸੇ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ ਹੈ। ਕਿਸਾਨਾਂ ਨੇ ਆਖਿਆ ਕਿ 3 ਅਕਤੂਬਰ ਨੂੰ ਝੋਨੇ ਦੀ ਬੋਲੀ ਸ਼ੁਰੂ ਕੀਤੀ ਗਈ ਸੀ ਪਰ 10 ਦਿਨਾਂ ਵਿੱਚ ਸਿਰਫ 10 ਹਜ਼ਾਰ ਕੁਇੰਟਲ ਝੋਨਾ ਹੀ ਖਰੀਦਿਆ ਗਿਆ ਹੈ, ਜਦਕਿ ਨਵੀਂ ਅਨਾਜ ਮੰਡੀ ਵਿੱਚ 40 ਹਜ਼ਾਰ ਕੁਇੰਟਲ ਝੋਨਾ ਪਿਆ ਹੈ ਅਤੇ ਪਿਛਲੇ 10 ਦਿਨਾਂ ਤੋਂ ਕਿਸਾਨ ਖੁਲ੍ਹੇ ਆਸਮਾਨ ਹੇਠਾਂ ਆਪਣੀ ਝੋਨੇ ਦੀ ਫਸਲ ਨੂੰ ਲੈ ਕੇ ਬੋਲੀ ਦਾ ਇੰਤਜ਼ਾਰ ਕਰ ਰਹੇ ਹਨ। ਸ਼ੈੱਲਰ ਮਾਲਕ ਕਦੇ ਡਬਲ ਪੱਖਾ ਲਾ ਕੇ ਅਤੇ ਕਦੇ ਮਾਲ ਦੀ ਵੈਰਾਇਟੀ ਸਹੀ ਨਾ ਹੋਣ ਦਾ ਬਹਾਨਾ ਬਣਾ ਕੇ ਖਰੀਦ ਤੋਂ ਮਨ੍ਹਾਂ ਕਰ ਦਿੰਦੇ ਹਨ ਅਤੇ 2 ਕਿਲੋ ਤੋਂ ਲੈ ਕੇ 5 ਕਿੱਲੋ ਤੱਕ ਪ੍ਰਤੀ ਕੁਇੰਟਲ ਤੱਕ ਕਾਟ ਮੰਗਦੇ ਹਨ। ਸ਼ੈੱਲਰ ਮਾਲਕਾਂ ਦੀ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਸੈਂਕੜੇ ਕਿਸਾਨ ਆਪਣਾ ਝੋਨਾ ਫਾਜ਼ਿਲਕਾ ਅਤੇ ਮਲੋਟ ਵਿੱਚ ਵੇਚਣ ਨੂੰ ਮਜਬੂਰ ਹਨ। ਅਧਿਕਾਰੀਆਂ ਨੇ ਆਖਿਆ ਕਿ ਜੇਕਰ ਕੋਈ ਸ਼ੈੱਲਰ ਮਾਲਕ ਕਾਟ ਮੰਗਦਾ ਹੈ ਤਾਂ ਉੁਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਫੈਸਲਾ ਲਿਆ ਕਿ 17 ਪ੍ਰਤੀਸ਼ਤ ਨਮੀ ਵਾਲਾ ਸਾਰਾ ਝੋਨਾ ਖਰੀਦਿਆ ਜਾਵੇਗਾ। ਮੀਟਿੰਗ ਤੋਂ ਬਾਅਦ ਐੱਸਡੀਐਮ ਅਤੇ ਤਹਿਸੀਲਦਾਰ ਨੇ ਝੋਨੇ ਦੀ ਬੋਲੀ ਸ਼ੁਰੂ ਕਰਵਾਈ।