ਪਰਮਜੀਤ ਸਿੰਘ
ਫਾਜ਼ਿਲਕਾ, 19 ਅਗਸਤ
ਨਹਿਰ ਦੀਆਂ ਟੇਲਾਂ ’ਤੇ ਪਾਣੀ ਪੂਰਾ ਨਾ ਪਹੁੰਚਣ ਕਾਰਨ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੇਗਾਂ ਵਾਲੀ, ਹੀਰਾਂ ਵਾਲੀ ਅਤੇ ਕਬੂਲਸ਼ਾਹ ਖੁਬਣ ਦੇ ਕਿਸਾਨਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੈਂਬਰਾਂ ਨੇ ਅੱਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚ ਅਨਿਲ ਕੁਮਾਰ ਝੀਂਝਾ, ਵਿਕ੍ਰਮਜੀਤ ਝੀਂਝਾ, ਵਿਜੈ ਸਿੰਘ ਝੀਂਝਾ ਤੇ ਹੋਰਨਾਂ ਨੇ ਦੱਸਿਆ ਕਿ ਕਬੂਲਸ਼ਾਹ ਮਾਇਨਰ ਤੋਂ ਪਿੰਡ ਬੇਗਾਂ ਵਾਲੀ, ਹੀਰਾਂ ਵਾਲੀ ਤੇ ਕਬੂਲਸ਼ਾਹ ਖੁਬਣ ਦੇ ਖੇਤਾਂ ਨੂੰ ਪਾਣੀ ਲਗਦਾ ਹੈ। ਉਨ੍ਹਾਂ ਕਿਹਾ ਕਿ ਹੀਰਾਂ ਵਾਲੀ ਤੇ ਕਬੂਲਸ਼ਾਹ ਖੁੱਬਣ ਪਿੰਡਾਂ ਦਾ ਰਕਬਾ ਟੇਲਾਂ ’ਤੇ ਪੈਂਦਾ ਹੈ, ਜਦਕਿ ਪਿੰਡ ਬੇਗਾਂ ਵਾਲੀ ਦਾ ਰਕਬਾ ਮਾਈਨਰ ਦੇ ਮੁੱਢ ’ਤੇ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬੇਗਾਂ ਵਾਲੀ ਦੇ ਕੁਝ ਕਿਸਾਨਾਂ ਨੇ 5 ਮੋਘਿਆਂ ’ਚੋਂ 3 ਮੋਘੇ 6-6 ਇੰਚੀ ਅਤੇ 2 ਮੋਘੇ 3-3 ਇੰਚੀ ਮੰਜੂਰ ਕਰਵਾਏ ਹੋਏ ਹਨ। ਇਹ ਵੀ ਸ਼ਰਤ ਹੈ ਕਿ ਜੇਕਰ ਪਾਣੀ ਪੂਰਾ ਨਾ ਹੋਵੇ ਤਾਂ ਮੋਘੇ ਪੁੱਟੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਬੇਗਾਂ ਵਾਲੀ ਦੇ ਕਿਸਾਨ ਉਨ੍ਹਾਂ ਨਾਲ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਬੂਲਸ਼ਾਹ ਮਾਇਨਰ ’ਤੇ ਅੱਜ ਬਿਨਾਂ ਪਾਈਪਾਂ ਲਗਾਏ 8 ਹਿੱਸੇ ਪਾਣੀ ਚੱਲ ਰਿਹਾ ਹੈ। ਜੇੇਕਰ ਉਕਤ ਮੋਘਿਆਂ ’ਤੇ ਪਾਈਪਾਂ ਲਗਦੀਆਂ ਹਨ ਤਾਂ ਟੇਲਾਂ ’ਤੇ ਪਾਣੀ ਚਾਰ ਹਿੱਸੇ ਹੀ ਰਹਿ ਜਾਂਦਾ ਹੈ। ਜੋ ਸਿੰਜਾਈ ਲਈ ਪੂਰਾ ਨਹੀਂ ਪੈਂਦਾ। ਉਨ੍ਹਾਂ ਮੰਗ ਕੀਤੀ ਕਿ ਟੇਲਾਂ ਵਿੱਚ ਸਫ਼ਾਈ ਕਰਵਾ ਕੇ ਪੂਰਾ ਪਾਣੀ ਛੱਡਿਆ ਜਾਵੇ। ਐੱਸਡੀਓ ਟਹਿਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਣੀ ਪੂਰਾ ਛੱਡਿਆ ਗਿਆ ਹੈ, ਪਰ ਕੁਝ ਲੋਕ ਗੱਟੇ ਭਰ ਕੇ ਪਾਣੀ ਰੋਕ ਲੈਂਦੇ ਹਨ, ਜਿਸ ਕਾਰਨ ਪਹਿਲਾਂ ਵਿੱਚ ਪੂਰਾ ਪਾਣੀ ਨਹੀਂ ਪਹੁੰਚਦਾ। ਵਿਭਾਗ ਦੇ ਮੁਲਾਜ਼ਮ ਪੂਰੀ ਨਿਗਰਾਨੀ ਰੱਖ ਰਹੇ ਹਨ ਤੇ ਪਾਣੀ ਬਿਲਕੁਲ ਨਹੀਂ ਘਟਣ ਦਿੱਤਾ ਜਾਵੇਗਾ।