ਖੇਤਰੀ ਪ੍ਰਤੀਨਿਧ
ਬਰਨਾਲਾ, 25 ਜੁਲਾਈ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਕਿਸਾਨੀ ਧਰਨਾ 298ਵੇਂ ਦਿਨ ਵੀ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਹਰ ਦਿਨ ਵਧੇਰੇ ਮਜ਼ਬੂਤ, ਵਿਆਪਕ ਤੇ ਸਥਿਰ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਬਰਨਾਲਾ ਧਰਨੇ ਦੀ ਸੰਚਾਲਨ ਕਮੇਟੀ ਨੇ ਫੈਸਲਾ ਕੀਤਾ ਕਿ ਕੱਲ੍ਹ ਨੂੰ ਧਰਨੇ ਦਾ ਪੂਰਾ ਸੰਚਾਲਨ ਔਰਤਾਂ ਹੀ ਕਰਨਗੀਆਂ। ਧਰਨੇ ਮਗਰੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਮੌਕੇ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ ਤੇ ਮੇਲਾ ਸਿੰਘ ਕੱਟੂ ਸਣੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਖੁਦ ਨੂੰ ਖੂਹ ਅਤੇ ਕਿਸਾਨਾਂ ਨੂੰ ਪਿਆਸੇ ਕਹਿਣ ਵਾਲੇ ਬਿਆਨ ਦੀ ਨਿਖੇਧੀ ਕੀਤੀ। ਸਿੱਧੂ ਤੋਂ ਬਿਆਨ ਲਈ ਮੁਆਫ਼ੀ ਦੀ ਮੰਗ ਕੀਤੀ ਗਈ।
ਬੁਢਲਾਡਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਜਾਰੀ ਕਿਸਾਨਾਂ ਦਾ ਧਰਨਾ 296ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਨੂੰ ਕਾਮਰੇਡ ਜਸਵੰਤ ਸਿੰਘ ਬੀਰੋਕੇ, ਤੇਜ਼ਰਾਮ ਅਹਿਮਦਪੁਰ, ਗੁਰਦੇਵ ਦਾਸ ਬੋੜਾਵਾਲ, ਬਲਦੇਵ ਸਿੰਘ ਗੁਰਨੇਕਲਾਂ ਤੇ ਮਿੱਠੂ ਸਿੰਘ ਅਹਿਮਦਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਬੁਲਾਰਿਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਆਰਥਿਕਤਾ ਅਤੇ ਤਰੱਕੀ ਨੂੰ ਪੁੱਠਾ ਗੇੜਾ ਦਿੱਤਾ ਹੋਇਆ ਹੈ।
ਮਹਿਲ ਕਲਾਂ (ਪੱਤਰ ਪ੍ਰੇਰਕ): ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਟੌਲ ਪਲਾਜ਼ਾ ਮਹਿਲ ਕਲਾਂ ’ਤੇ ਚੱਲ ਰਿਹਾ ਪੱਕਾ ਮੋਰਚਾ 298ਵੇਂ ਦਿਨ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਜਾਰੀ ਰਿਹਾ। ਅੱਜ ਸੋਹਣ ਸਿੰਘ ਮਹਿਲ ਕਲਾਂ, ਸੁਖਵਿੰਦਰ ਸਿੰਘ, ਨਾਨਕ ਸਿੰਘ, ਅਮਲਾ ਸਿੰਘ ਵਾਲਾ ਤੇ ਕੁਲਵੰਤ ਸਿੰਘ ਮਹਿਲ ਕਲਾਂ ਸਣੇ ਹੋਰਨਾਂ ਨੇ ਸੰਬੋਧਨ ਕੀਤਾ।
ਬਰੇਟਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਇਥੋਂ ਦੇ ਇਕ ਪੈਟਰੋਲ ਪੰਪ ’ਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸੰਘਰਸ਼ ਜਾਰੀ ਹੈ। ਇਨ੍ਹਾਂ ਧਰਨਿਆਂ ਵਿੱਚ ਅੱਜ ਬੁਲਾਰੇ ਜਗਰੂਪ ਸਿੰਘ ਤੇ ਸੁਰਜੀਤ ਕੌਰ ਸਣੇ ਹੋਰਨਾਂ ਨੇ ਸੰਬੋਧਨ ਕੀਤਾ।
ਕਿਸਾਨ ਆਗੂ ਰੁਲਦੂ ਸਿੰਘ ਦੇ ਬਿਆਨ ਬੇਤੁਕੇ: ਦੀਪ ਸਿੱਧੂ
ਧਨੌਲਾ (ਪੁਨੀਤ ਮੈਨਨ): ਸੰਯੁਕਤ ਕਿਸਾਨ ਮੋਰਚੇ ਦੇ 26 ਜਨਵਰੀ ਦੇ ਟਰੈਕਰ ਮਾਰਚ ਦੌਰਾਨ ਵੱਡੇ ਪੱਧਰ ’ਤੇ ਚਰਚਾ ਵਿੱਚ ਆਉਣ ਵਾਲੇ ਅਦਾਕਾਰ ਦੀਪ ਸਿੱਧੂ ਨੇ ਪੰਧੇਰ ਵਿੱਚ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕੀਤਾ। ਦੀਪ ਸਿੱਧੂ ਅੱਜ ਇੱਥੇ ਬਾਬਾ ਜੱਗੀ ਪੰਧੇਰ ਦਾ ਸਨਮਾਨ ਕਰਨ ਪਹੁੰਚੇ ਸਨ, ਜੋ ਕਿ ਦਿੱਲੀ ਬਾਰਡਰ ’ਤੇ ਪੱਗੜੀ ਦੀ ਸੰਭਾਲ ਲਈ ਪੁੁਲੀਸ ਅੱਗੇ ਡਟ ਕੇ ਖੜ੍ਹਨ ਕਰਕੇ ਚਰਚਾ ਵਿੱਚ ਆਏ ਸਨ। ਇਸ ਮੌਕੇ ਦੀਪ ਸਿੱਧੂ ਨੇ ਕਿਸਾਨ ਆਗੂ ਰੂਲਦੂ ਸਿੰਘ ਦੇ ਬਿਆਨਾਂ ਨੂੰ ਬੇਤੁਕਾ ਕਰਾਰ ਦਿੱਤਾ ਅਤੇ ਕਿਹਾ ਕਿ ਕਿਸਾਨ ਅੰਦੋਲਨ ਇੱਕ ਲਹਿਰ ਹੈ ਜੋ ਕਿ ਕਾਨੂੰਨ ਰੱਦ ਹੋਣ ਤੱਕ ਇਸੇ ਤਰ੍ਹਾਂ ਚੱਲਦੀ ਰਹੇਗੀ।