ਬਲਜੀਤ ਸਿੰਘ
ਸਰਦੂਲਗੜ੍ਹ, 17 ਅਗਸਤ
ਹਲਕਾ ਸਰਦੂਲਗੜ੍ਹ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹਲਕੇ ਅੰਦਰ ਭਾਜਪਾ ਦੀਆਂ ਸਰਗਰਮੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਇਸੇ ਤਹਿਤ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡੀ ਗਿਣਤੀ ’ਚ ਵਰਕਰਾਂ ਤੇ ਆਗੂਆਂ ਨੇ ਇਕੱਠੇ ਹੋ ਕੇ ਸ਼ਹਿਰ ਵਿਚ ਮਾਰਚ ਕਰਦਿਆਂ ਭਾਜਪਾ ਵੱਲੋਂ ਲਗਾਏ ਗਏ ਫਲੈਕਸ ਬੋਰਡ ਉਤਾਰ ਦਿੱਤੇ। ਮਾਰਚ ਕਰਦਿਆਂ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਬਲਾਕ ਪ੍ਰਧਾਨ ਜਗਜੀਤ ਸਿੰਘ ਜਟਾਣਾ, ਲੀਲਾ ਸਿੰਘ ਖਜ਼ਾਨਚੀ, ਹਰਪਾਲ ਸਿੰਘ ਪਾਲੀ ਮੀਰਪੁਰ ਕਲਾਂ, ਬਿੰਦਰ ਸਿੰਘ, ਰਮਨ ਕੁਸਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਲੇ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਇਸ ਮੌਕੇ ਗੁਰਤੇਜ ਸਿੰਘ, ਮਿੱਠੂ ਸਿੰਘ,ਰਾਜਵੀਰ, ਸਾਲੂ,ਜੱਸੂ,ਜੀਤ ਸਿੰਘ ਹਾਜ਼ਰ ਸਨ।