ਪੱਤਰ ਪ੍ਰੇਰਕ
ਝੁਨੀਰ, 1 ਸਤੰਬਰ
ਇਥੇ ਪਿੰਡ ਰਾਮਾਨੰਦੀ ਦੇ ਕਿਸਾਨ ਉੱਤਮ ਸਿੰਘ ਨੂੰ ਬੈਂਕ ਵੱਲੋਂ ਕਲੀਅਰੈਂਸ ਦਾ ਸਰਟੀਫ਼ਿਕੇਟ ਮਿਲਣ ਉਪਰੰਤ ਵੀ ਮਾਲ ਵਿਭਾਗ ਦੇ ਅਮਲੇ ਨੇ ਸਬੰਧਤ ਕਿਸਾਨ ਦੀ ਜ਼ਮੀਨ ਭਾਰ ਮੁਕਤ ਨਹੀਂ ਕੀਤੀ, ਜਿਸਦੇ ਵਿਰੋਧ ਵਿੱਚ ਅੱਜ ਕਿਸਾਨਾਂ ਨੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਜਾਣਕਾਰੀ ਅਨੁਸਾਰ ਕਿਸਾਨ ਉੱਤਮ ਸਿੰਘ ਨੇ ਮਾਨਸਾ ਦੀ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਤੋਂ ਸਾਲ 2011 ਦੌਰਾਨ ਕਰਜ਼ਾ ਲਿਆ ਸੀ। ਕਿਸਾਨ ਨੇ ਵਿਆਜ਼ ਸਮੇਤ ਸਾਰੇ ਬੈਂਕ ਕਰਜ਼ੇ ਦੀ ਰਕਮ ਨਵੰਬਰ 2019 ਤੱਕ ਨਿਯਮਾਂ ਅਨੁਸਾਰ ਭਰ ਦਿੱਤੀ ਸੀ। ਬੈਂਕ ਅਧਿਕਾਰੀ ਨੇ ਕਿਸਾਨ ਨੂੰ ਮਾਲ ਵਿਭਾਗ ਦੇ ਰਿਕਾਰਡ ਵਿੱਚ ਬੈਂਕ ਗਾਰੰਟੀ ਵੱਜੋਂ ਲਈ ਜ਼ਮੀਨ ਫੱਕ ਕਰਨ ਦਾ ਪੱਤਰ ਵੀ ਜਾਰੀ ਕਰ ਦਿੱਤਾ ਸੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਅਤੇ ਹੋਰ ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨ ਨਾਲ ਇਨਸਾਫ਼ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮਾਲ ਵਿਭਾਗ ਕਿਸਾਨ ਦੀ ਬੈਂਕ ਦੇ ਨਾਮ ’ਤੇ ਗਹਿਣੇ ਪਈ ਜ਼ਮੀਨ ਭਾਰ ਮੁਕਤ ਨਹੀਂ ਕਰਦਾ, ਉਸ ਸਮੇਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।