ਜੋਗਿੰਦਰ ਸਿੰਘ ਮਾਨ
ਮਾਨਸਾ, 16 ਮਈ
ਮਾਲਵਾ ਖੇਤਰ ਵਿੱਚ ਲਗਾਤਾਰ ਪੈ ਰਹੀ ਗਰਮੀ ਕਾਰਨ ਜਦੋਂ ਫ਼ਸਲਾਂ ਸੁੱਕਣ ਲੱਗੀਆਂ ਤਾਂ ਕਿਸਾਨਾਂ ਦਾ ਗੁੱਸਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਉਤੇ ’ਤੇ ਚੜ੍ਹਨ ਲੱਗਿਆ ਹੈ। ਕਿਸਾਨਾਂ ਦੀਆਂ ਅਪੀਲਾਂ-ਦਲੀਲਾਂ ਨਾਲ ਜਦੋਂ ਖੇਤੀ ਖੇਤਰ ਲਈ ਲੋੜੀਂਦੀ ਪੂਰੀ ਬਿਜਲੀ ਨਾ ਛੱਡੀ ਗਈ ਤਾਂ ਅੱਕੇ ਹੋਏ ਕਿਸਾਨਾਂ ਨੇ ਅੱਜ ਪਾਵਰਕੌਮ ਦੇ ਮਾਨਸਾ ਸਥਿਤ ਐਕਸੀਅਨ ਦਫ਼ਤਰ ਅੱਗੇ ਧਰਨਾ ਦੇ ਦਿੱਤਾ। ਇਸ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕੀਤੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਖੇਤੀ ਮੋਟਰਾਂ ਲਈ ਨਾ-ਮਾਤਰ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਖੇਤਾਂ ਵਿੱਚ ਬੀਜੀ ਮੱਕੀ, ਮੂੰਗੀ ਅਤੇ ਸਬਜ਼ੀਆਂ ਸੁੱਕ ਰਹੀਆਂ ਹਨ, ਜਿਸ ਕਰਕੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫਿਰ ਰਿਹਾ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ,ਸਰਕਾਰ ਨੂੰ ਕਿਸਾਨਾਂ ਦਾ ਭੋਰਾ ਵੀ ਫ਼ਿਕਰ ਨਹੀਂ। ਜਥੇਬੰਦੀ ਦੀ ਆਗੂ ਐਡਵੋਕੇਟ ਬਲਵੀਰ ਕੌਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਝੋਨੇ ਦੀ ਬਿਜਾਈ ਤੋਂ ਹਟਾਕੇ ਬਦਲਵੀਆਂ ਫ਼ਸਲਾਂ ਬਿਜਾਈਆਂ ਜਾ ਰਹੀਆਂ ਹਨ, ਪਰ ਬਦਲਵੇਂ ਰੂਪ ਵਿੱਚ ਬੀਜੀਆਂ ਫਸਲਾਂ ਸੁੱਕ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਾਵਰਕੌਮ ਦੇ ਐਕਸੀਅਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਖੇਤੀ ਮੋਟਰਾਂ ਦੇ ਲਈ ਬਿਜਲੀ ਨਿਰਵਿਘਨ 8 ਘੰਟੇ ਦਿੱਤੀ ਜਾਵੇ।
ਭੁੱਚੋ ਮੰਡੀ (ਪੱਤਰ ਪ੍ਰੇਰਕ) ਪਿੰਡ ਲਹਿਰਾ ਖਾਨਾ ਦੇ ਕਿਸਾਨਾਂ ਨੇ ਖੇਤੀ ਮੋਟਰਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਅੱਜ ਸਬ ਡਿਵੀਜ਼ਨ ਭੁੱਚੋ ਕਲਾਂ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਤੇ ਪਾਵਰਕੌਮ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਲਹਿਰਾ ਖਾਨਾ, ਪਿੰਡ ਇਕਾਈ ਪ੍ਰਧਾਨ ਸ਼ਮਸ਼ੇਰ ਸਿੰਘ ਅਤੇ ਛਿੰਦਾ ਸਿੰਘ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਕਿਸਾਨਾਂ ਨੂੰ ਮੂੰਗੀ ਬੀਜਣ ਲਈ ਪ੍ਰੇਰਤ ਕਰ ਰਹੇ ਹਨ, ਦੂਜੇ ਪਾਸੇ ਕਹਿਰ ਦੀ ਗਰਮੀ ਵਿੱਚ ਖੇਤੀ ਬਿਜਲੀ ਨਾ ਆਉਣ ਕਾਰਨ ਮੂੰਗੀ ਦੀ ਫਸਲ ਤੇ ਝੋਨੇ ਦੀ ਪਨੀਰੀ ਸੁੱਕ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਮੋਟਰਾਂ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਜਲਦੀ ਨਾ ਚਾਲੂ ਹੋਈ, ਤਾਂ ਉਹ ਤਿੱਖਾ ਸੰਘਰਸ਼ ਵਿੱਖਣ ਲਈ ਮਜ਼ਬੂਰ ਹੋਣਗੇ।