ਪੱਤਰ ਪ੍ਰੇਰਕ
ਭੁੱਚੋ ਮੰਡੀ, 10 ਜੂਨ
ਪਿੰਡ ਲਹਿਰਾ ਖਾਨਾ ਦੇ ਕਿਸਾਨਾਂ ਨੇ ਰੇਲਵੇ ਵਿਭਾਗ ਵੱਲੋਂ ਬਠਿੰਡਾ-ਅੰਬਾਲਾ ਲਾਈਨ ’ਤੇ ਫੂਡ ਗਰੇਨ ਲੋਡਿੰਗ ਪਲੈਟਫਾਰਮ ਬਣਾਉਣ ਲਈ ਐਕੁਆਇਰ ਕੀਤੀ ਨੌਂ ਏਕੜ ਜ਼ਮੀਨ ਦੀ ਪੂਰੀ ਕੀਮਤ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਰੇਲਵੇ ਲਾਈਨ ਨਜ਼ਦੀਕ ਰੇਲਵੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੀ ਅਗਵਾਈ ਕਰ ਰਹੇ ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਸਾਬਕਾ ਐਮਸੀ ਨਾਹਰ ਸਿੰਘ ਨੇ ਕਿਹਾ ਕਿ ਰੇਲਵੇ ਵਿਭਾਗ ਜ਼ਮੀਨ ਦੀ ਸਹੀ ਕੀਮਤ ਦੇਣ ਦੇ ਮਾਮਲੇ ਵਿੱਚ ਧੱਕੇਸ਼ਾਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੇ ਨਾਲ ਹੀ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਨ ਵਾਲੀ ਜਾਮ ਨਗਰ ਸੜਕ ਦੀ ਕੀਮਤ 50 ਲੱਖ ਰੁਪਏ ਪ੍ਰਤੀ ਏਕੜ ਦਿੱਤੀ ਹੈ, ਜਦੋਂਕਿ ਰੇਲਵੇ ਵਿਭਾਗ ਸਿਰਫ਼ 28 ਤੋਂ 30 ਲੱਖ ਰੁਪਏ ਪ੍ਰਤੀ ਏਕੜ ਹੀ ਦੇ ਰਿਹਾ ਹੈ। ਇਸ ਮੌਕੇ ਭੋਲਾ ਸਿੰਘ, ਜੋਗਿੰਦਰ ਸਿੰਘ, ਤਿਰਲੋਚਨ ਸਿੰਘ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਉਹ ਸਹੀ ਕੀਮਤ ਲਏ ਬਿਨਾਂ ਆਪਣੀਆਂ ਜ਼ਮੀਨਾਂ ਦਾ ਕਬਜ਼ਾ ਨਹੀਂ ਦੇਣਗੇ।