ਰਾਜਿੰਦਰ ਵਰਮਾ
ਭਦੌੜ, 4 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਮੋਰਚੇ ਦੌਰਾਨ ਕਿਸਾਨੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਥਾਨਕ ਬੱਸ ਸਟੈਂਡ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ। ਯੂਨੀਅਨ ਦੇ ਬਲਾਕ ਆਗੂ ਗੁਰਚਰਨ ਸਿੰਘ ਨੇ ਕਿਹਾ ਕਿ ਦਿੱਲੀ ਸੰਘਰਸ਼ ਦੌਰਾਨ ਸੰਯੁਕਤ ਮੋਰਚੇ ਨਾਲ ਸਹਿਮਤ ਹੁੰਦਿਆਂ ਕੇਂਦਰੀ ਕਮੇਟੀ ਐੱਮਐੱਸਪੀ, ਕਿਸਾਨਾਂ ’ਤੇ ਦਰਜ ਕੇਸ ਵਪਾਸ ਲੈਣ ਅਤੇ ਬਿਨਾਂ ਸ਼ਰਤ ਵਾਹਨ ਛੱਡਣ, ਲਖੀਮਪੁਰ ਖੀਰੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਸਮੇਤ ਹੋਰ ਮੰਗਾਂ ਨਾ ਮੰਨਣ ਵਿਚ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਜਿਸ ਕਰ ਕੇ ਅੱਜ ਰੋਸ ਵਜੋਂ ਪ੍ਰਧਾਨ ਮੰਤਰੀ ਦੀ ਫੂਕੀ ਜਾ ਰਹੀ ਹੈ।
ਇਨਕਲਾਬੀ ਕੇਂਦਰ ਵੱਲੋਂ ਵਿਰੋਧ ਦਾ ਸੱਦਾ
ਬਰਨਾਲਾ (ਪਰਸ਼ੋਤਮ ਬੱਲੀ): ਇਨਕਲਾਬੀ ਕੇਂਦਰ ਪੰਜਾਬ ਨੇ ਵੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਰੋਜ਼ਾ (ਫਿਰੋਜ਼ਪੁਰ) ਪੰਜਾਬ ਫੇਰੀ ਦੇ ਵਿਰੋਧ ਦਾ ਸੱਦਾ ਦਿੱਤਾ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਤੇ ਮੁਖਤਿਆਰ ਪੂਹਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਇਤਫ਼ਾਕੀਆ ਨਹੀਂ, ਸਗੋਂ ਇਸ ਫੇਰੀ ਨਾਲ ਮੋਦੀ ਹਕੂਮਤ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਗੰਭੀਰ ਸਿਆਸੀ ਲਾਲਸਾਵਾਂ ਛੁਪੀਆਂ ਹੋਈਆਂ ਹਨ।