ਪਵਨ ਗੋਇਲ
ਭੁੱਚੋ ਮੰਡੀ, 31 ਮਈ
ਪਿੰਡ ਲਹਿਰਾ ਖਾਨਾ ਦੇ ਕਿਸਾਨਾਂ ਨੇ ਰੇਲਵੇ ਵਿਭਾਗ ਵੱਲੋਂ ਬਠਿੰਡਾ-ਅੰਬਾਲਾ ਲਾਈਨ ’ਤੇ ਫੂਡ ਗਰੇਨ ਲੋਡਿੰਗ ਪਲੇਟ ਫਾਰਮ ਬਣਾਉਣ ਲਈ ਐਕੁਆਇਰ ਕੀਤੀ 9 ਏਕੜ ਜ਼ਮੀਨ ਦੀ ਪੂਰੀ ਕੀਮਤ ਨਾ ਦਿੱਤੇ ਜਾਣ ਅਤੇ ਐੱਸਡੀਐੱਮ ਨਾਲ ਮੀਟਿੰਗ ਨਾ ਕਰਵਾਉਣ ਦੇ ਵਿਰੋਧ ਵਿੱਚ ਰੇਲਵੇ ਲਾਈਨ ਨਜ਼ਦੀਕ ਚੱਲ ਰਹੇ ਧਰਨੇ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੀ ਅਗਵਾਈ ਕਰ ਰਹੇ ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ, ਬਲਾਕ ਆਗੂ ਕਰਮਜੀਤ ਕੌਰ, ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਜ਼ਮੀਨ ਦੀ ਪੂਰੀ ਕੀਮਤ ਲੈਣ ਲਈ ਪੱਕਾ ਮੋਰਚਾ ਲਗਾਇਆ ਹੋਇਆ ਹੈ। ਤਿੰਨ ਦਿਨ ਪਹਿਲਾਂ ਕਿਸਾਨਾਂ ਵੱਲੋਂ ਰੇਲਵੇ ਵਿਭਾਗ ਦਾ ਕੰਮ ਰੋਕੇ ਜਾਣ ਮੌਕੇ ਨਾਇਬ ਤਹਿਸੀਲਦਾਰ ਅਵਤਾਰ ਸਿੰਘ, ਡੀਐੱਸਪੀ ਹਰਿੰਦਰ ਸਿੰਘ, ਐੱਸਐੱਚਓ ਜਗਦੀਪ ਸਿੰਘ ਨੇ ਕਿਸਾਨਾਂ ਦੀ 30 ਮਈ ਨੂੰ ਐੱਸਡੀਐੱਮ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਵਾਅਦਾ ਖ਼ਿਲਾਫ਼ੀ ਕੀਤੀ ਹੈ। ਇਸ ਮੌਕੇ ਸਾਬਕਾ ਐਮਸੀ ਨਾਹਰ ਸਿੰਘ, ਭੋਲਾ ਸਿੰਘ, ਜੋਗਿੰਦਰ ਸਿੰਘ, ਤਿਰਲੋਚਨ ਸਿੰਘ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਉਹ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਨ ਵਾਲੀ ਜਾਮ ਨਗਰ ਸੜਕ ਦੇ ਦਿੱਤੀ ਗਈ ਕੀਮਤ ਦੇ ਬਰਾਬਰ 50 ਲੱਖ ਰੁਪਏ ਪ੍ਰਤੀ ਏਕੜ ਲਏ ਬਿਨਾਂ ਆਪਣੀਆਂ ਜ਼ਮੀਨਾਂ ਦਾ ਕਬਜ਼ਾ ਨਹੀਂ ਦੇਣਗੇ।