ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੁਲਾਈ
ਮਾਲਵਾ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਭੇਜੀਆਂ ਗਈਆਂ ਵਿਸ਼ੇਸ਼ ਟੀਮਾਂ ਦੀ ਹੌਸਲਾ-ਅਫ਼ਜ਼ਾਈ ਵੀ ਕਿਸਾਨਾਂ ਦੇ ਰਾਸ ਨਹੀਂ ਆਈ। ਟੀਮ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਦੱਸੀਆਂ ਗਈਆਂ ਦਵਾਈਆਂ ਦੇ ਬਾਵਜੂਦ ਜਦੋਂ ਸੁੰਡੀ ਤੇ ਮੱਖੀ ਦੇ ਡੰਗ ਜਾਰੀ ਰਹੇ ਤਾਂ ਅੰਨਦਾਤਾ ਵੱਲੋਂ ਨਰਮੇ ਦੀ ਵਾਹੀ ਕਪਾਹ ਪੱਟੀ ਵਿੱਚ ਅਜੇ ਵੀ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਸਾਲਾਂ ਦੇ ਤਜਰਬੇ ਦੱਸਦੇ ਹਨ ਕਿ ਇਹ ਸੁੰਡੀ ਤੇ ਮੱਖੀ ਜਦੋਂ ਖੇਤ ਵਿੱਚ ਪ੍ਰਵੇਸ਼ ਕਰ ਜਾਣ ਤਾਂ ਉਥੇ ਹੀ ਆਪਣਾ ਰਹਿਣ ਬਸੇਰਾ ਬਣਾ ਲੈਂਦੀਆਂ ਹਨ। ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਅੱਜ ਨਰਮੇ ਦੀ ਫ਼ਸਲਾਂ ਨੂੰ ਵਾਹਿਆ ਗਿਆ ਹੈ। ਇਨ੍ਹਾਂ ਪਿੰਡਾਂ ਵਿੱਚ ਰਾਮਾਨੰਦੀ, ਜੌੜਕੀਆਂ, ਮੀਰਪੁਰ, ਚਹਿਲਾਂਵਾਲੀ ਤੇ ਦਸੌਧੀਆ ਵੀ ਸ਼ਾਮਲ ਹਨ। ਇਕੱਲੇ ਰਾਮਾਨੰਦੀ ਪਿੰਡ ਵਿੱਚ ਕਿਸਾਨ ਸੀਰਾ ਸਿੰਘ ਵੱਲੋਂ ਚਾਰ ਏਕੜ ਨਰਮੇ ਦੀ ਫ਼ਸਲ ਵਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਰਾ ਪੁੱਤਰ ਮੱਖਣ ਸਿੰਘ ਨੇ 60 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਚਾਰ ਏਕੜ ਜ਼ਮੀਨ ਠੇਕੇ ’ਤੇ ਲਈ ਸੀ ਅਤੇ ਉਸ ਵਿੱਚ ਨਰਮੇ ਦੀ ਫ਼ਸਲ ਦੀ ਬਿਜਾਈ ਕੀਤੀ ਸੀ, ਪਰ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਰਮੇ ’ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਸੀਰਾ ਸਿੰਘ ਨੂੰ ਮਜਬੂਰੀ ਵੱਸ ਆਪਣੀ ਨਰਮੇ ਦੀ ਫ਼ਸਲ ਅੱਜ ਖੇਤ ਵਿੱਚ ਹੀ ਵਾਹੁਣੀ ਪੈ ਰਹੀ ਹੈ।
ਮੋਗਾ ਵਿੱਚ ਨਰਮੇ ’ਤੇ ਚਿੱਟੇ ਤੇਲੇ ਦਾ ਹਮਲਾ
ਨਿਹਾਲ ਸਿੰਘ ਵਾਲਾ/ਮੋਗਾ (ਪੱਤਰ ਪ੍ਰੇਰਕ) ਮਾਲਵਾ ਬੈਲਟ ਵਿੱਚ ਨਰਮੇ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਦੇ ਝੰਜੋੜੇ ਕਿਸਾਨ ਨਰਮਾ ਵਾਹੁਣ ਲਈ ਮਜਬੂਰ ਹਨ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਖੇਤੀ ਮਾਹਿਰਾਂ ਦੀਆਂ ਟੀਮਾਂ ਬਣਾ ਕੇ ਵੱਖ ਵੱਖ ਪਿੰਡਾਂ ਦੇ ਖੇਤਾਂ ਵਿੱਚ ਨਰਮੇ ਦਾ ਨਿਰੀਖਣ ਕੀਤਾ ਗਿਆ। ਪਿੰਡ ਚੜਿੱਕ, ਝਂਡੇਵਾਲਾ, ਸੰਧੂਆਂਵਾਲਾ, ਤਾਰੇਵਾਲਾ ਆਦਿ ਪਿੰਡਾਂ ਦੇ ਖੇਤਾਂ ਵਿੱਚ ਨਰਮੇ ਦਾ ਨਿਰੀਖਣ ਕਰਨ ਉਪਰੰਤ ਕਿਹਾ ਕਿ ਜ਼ਿਲ੍ਹੇ ਵਿੱਚ ਚਿੱਟੀ ਮੱਖੀ ਕਾਬੂ ਹੇਠ ਹੈ। ਬਰਸਾਤ ਕਰਕੇ ਚਿੱਟੇ ਤੇਲੇ ਦਾ ਹਮਲਾ ਹੋਇਆ ਹੈ ਇਸ ’ਤੇ ਵੀ ਕਾਬੂ ਪਾ ਲਿਆ ਜਾਵੇਗਾ।
ਪੱਖੋਕੇ ਦੇ ਕਿਸਾਨ ਨੇ ਮੂੰਗੀ ਦੀ ਫ਼ਸਲ ਵਾਹੀ
ਟੱਲੇਵਾਲ (ਪੱਤਰ ਪ੍ਰੇਰਕ): ਪਿੰਡ ਪੱਖੋਕੇ ਵਿਖੇ ਇਕ ਕਿਸਾਨ ਵਲੋਂ ਮੌਸਮ ਦੀ ਖ਼ਰਾਬੀ ਕਾਰਨ ਪੀਲਾ ਪੱਤਾ ਬਿਮਾਰੀ ਦੀ ਭੇਟ ਚੜ੍ਹੀ ਮੂੰਗੀ ਦੀ ਫ਼ਸਲ ਟਰੈਕਟਰ ਨਾਲ ਵਾਹ ਦਿੱਤੀ ਗਈ। ਕਿਸਾਨ ਗੁਰਵੀਰ ਸਿੰਘ ਗੋਲਾ ਪੁੱਤਰ ਜਥੇ. ਨਿੱਕਾ ਸਿੰਘ ਨੇ ਦੱਸਿਆ ਕਿ ਉਸ ਨੇ ਢਾਈ ਏਕੜ ਮੂੰਗੀ ਦੀ ਫ਼ਸਲ 668 ਬੀਜ ਮਈ ਦੇ ਆਖ਼ਰੀ ਹਫ਼ਤੇ ਬੀਜੀ ਸੀ। ਜਦ ਫਲ ਲੱਗਣ ’ਤੇ ਆਇਆ ਤਾਂ ਮੌਸਮ ਦੀ ਖ਼ਰਾਬੀ ਕਾਰਨ ਪੀਲਾ ਪੱਤਾ ਬਿਮਾਰੀ ਪੈ ਗਈ ਤੇ ਮਜਬੂਰੀਵੱਸ ਉਸ ਨੂੰ ਫ਼ਸਲ ਨੂੰ ਵਾਹੁਣਾ ਪਿਆ।