ਜੋਗਿੰਦਰ ਸਿੰਘ ਮਾਨ
ਮਾਨਸਾ, 23 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਮਾਲਵਾ ਖੇਤਰ ਵਿੱਚ ਜੂਝਾਰ ਕਿਸਾਨ ਆਗੂ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਤੇ ਮੌਜੂਦਾ ਸਮੇਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ਦਾ ਅਹਿਦ ਲਿਆ ਗਿਆ। ਮਾਨਸਾ ਵਿੱਚ ਰੇਲਵੇ ਸਟੇਸ਼ਨ ਨੇੜੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਲਾਏ ਪੱਕੇ ਮੋਰਚੇ ਦੇ ਅੱਜ 146ਵੇਂ ਦਿਨ ਅਜੀਤ ਸਿੰਘ ਨੂੰ ਸਿਜਦਾ ਕੀਤਾ ਗਿਆ। ਧਰਨਾਕਾਰੀਆਂ ਨੂੰ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ, ਭਜਨ ਸਿੰਘ, ਮੱਖਣ ਉਡਤ ਨੇ ਸੰਬੋਧਨ ਕੀਤਾ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ਮੋਰਚਿਆਂ ਵਿੱਚ ਅੱਜ ਸਰਦਾਰ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਆਗੂਆਂ ਨੇ ਉਨ੍ਹਾਂ ਦੀ ਫੋਟੋ ਅੱਗੇ ਮੋਮਬੱਤੀਆਂ ਜਲਾਈਆਂ ਅਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਮੋਰਚਿਆਂ ਦੀ ਅਗਵਾਈ ਕਰ ਰਹੇ ਬਲਾਕ ਆਗੂ ਬਲਜੀਤ ਸਿੰਘ, ਗੁਰਜੰਟ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਕਰਮਜੀਤ ਕੌਰ ਨੇ ਕਿਹਾ ਕਿ 1907 ਵਿੱਚ ਅਜੀਤ ਸਿੰਘ ਵੱਲੋਂ ‘ਪਗੜੀ ਸੰਭਾਲ ਜੱਟਾ’ ਲਹਿਰ ਖੜ੍ਹੀ ਕਰ ਕੇ ਕੀਤੇ ਸੰਘਰਸ਼ ਅੱਗੇ ਝੁਕਦਿਆਂ ਅੰਗਰੇਜ਼ ਹਕੂਮਤ ਨੇ ਤਾਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਸਨ ਪਰ ਸਾਡੇ ਦੇਸ਼ ਦੀ ਹਕੂਮਤ ਆਪਣੇ ਹੀ ਦੇਸ਼ ਵਾਸੀਆਂ ਅੱਗੇ ਖੇਤੀ ਕਾਨੂੰਨ ਰੱਦ ਨਾ ਕਰਨ ’ਤੇ ਅੜੀ ਹੋਈ ਹੈ। ਬਿੱਕਰ ਸਿੰਘ ਨੇ ਇਨਕਲਾਬੀ ਗੀਤ ਗਾਇਆ ਅਤੇ ਨਥਾਣਾ ਕਿਸਾਨ ਕਮੇਟੀ ਨੇ ਜਲੇਬੀਆਂ ਦਾ ਲੰਗਰ ਲਗਾਇਆ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਰਿਲਾਇੰਸ ਪੰਪ ’ਤੇ ਚੱਲ ਰਹੇ ਕਿਸਾਨ ਮੋਰਚੇ ਅਜੀਤ ਸਿੰਘ ਨੂੰ ਸਮਰਪਿਤ ਰਹੇ। ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਤੇ ਰਿਲਾਇੰਸ ਪੰਪ ਕੋਲ ਲੱਗੇ ਧਰਨੇ ਨੂੰ ਮਾਸਟਰ ਸੁਖਦੇਵ ਸਿੰਘ ਜਵੰਧਾ, ਪ੍ਰਿੰਸੀਪਲ ਰਾਜ ਕੁਮਾਰ, ਰਾਜਵੀਰ ਸਿੰਘ ਅਤੇ ਰੇਲਵੇ ਸਟੇਸ਼ਨ ਵਾਲੇ ਮੋਰਚੇ ਨੂੰ ਬੂਟਾ ਸਿੰਘ, ਸਰਬਜੀਤ ਸਿੰਘ ਨੇ ਸੰਬੋਧਨ ਕੀਤਾ।
ਫਾਜ਼ਿਲਕਾ (ਪਰਮਜੀਤ ਸਿੰਘ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਪੰਜਾਬ ਵਿੱਚ 42 ਪੱਕੇ ਧਰਨਿਆਂ ਸਮੇਤ 47 ਥਾਵਾਂ ’ਤੇ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ। ਪਿੰਡ ਕਟੈੜਾ ਵਿਚਲੇ ਪੱਕੇ ਮੋਰਚੇ ਨੂੰ ਜਗਸੀਰ ਸਿੰਘ, ਕੁਲਬੀਰ ਸਿੰਘੂ, ਨਿਰਵੈਲ ਸਿੰਘ, ਹਰਜਿੰਦਰ ਸਿੰਘ ਨੇ ਸੰਬੋਧਨ ਕੀਤਾ।
ਗਿੱਦੜਬਾਹਾ (ਪੱਤਰ ਪ੍ਰੇਰਕ): ਇੱਥੇ ਗੁਰਦੁਆਰਾ 10ਵੀਂ ਪਾਤਸ਼ਾਹੀ ਪਿਓਰੀ ਰੇਲਵੇ ਫਾਟਕ ਨੇੜੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਚੱਲ ਰਹੇ ਧਰਨੇ ਦੇ ਅੱਜ 146ਵੇਂ ਦਿਨ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ।
ਦੋਦਾ (ਜਸਵੀਰ ਸਿੰਘ ਭੁੱਲਰ): ਸੁੰਯਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਟੀਐੈੱਸਯੂ, ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ‘ਪਗੜੀ ਸੰਭਾਲ ਜੱਟਾ’ ਲਹਿਰ ਨੂੰ ਯਾਦ ਕਰਦਿਆਂ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਹਰਬੰਸ ਸਿੰਘ, ਪਿਆਰਾ ਲਾਲ ਨੇ ਸੰਬੋਧਨ ਕੀਤਾ।
ਸੰਯੁਕਤ ਮੋਰਚੇ ਵੱਲੋਂ ਅੱਜ ਮਨਾਇਆ ਜਾਵੇਗਾ ਜਬਰ ਵਿਰੋਧੀ ਦਿਵਸ
ਬਰਨਾਲਾ (ਪਰਸ਼ੋਤਮ ਬੱਲੀ): ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ ਖੇਤੀ ਕਾਨੂੰਨਾਂ ਖਿਲਾਫ਼ ਲੱਗੇ ਪੱਕੇ ਧਰਨੇ ਅਤੇ ਬਡਬਰ ਟੌਲ ਪਲਾਜ਼ਾ ਸਮੇਤ ਸ਼ਹਿਰ ਅੰਦਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਤੇ ਸੂਬਾਈ ਆਗੂ ਅਰਚਨਾ ਦੱਤ ਦੇ ਘਰਾਂ ਅੱਗੇ ਮੋਰਚਿਆਂ ਦੌਰਾਨ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਸੰਗਰਾਮੀ ਸਿਜਦਾ ਕਰਦਿਆਂ ਕਿਸਾਨ/ਲੋਕ ਸੰਘਰਸ਼ ਹੋਰ ਬੁਲੰਦ ਕਰਨ ਦਾ ਅਹਿਦ ਲਿਆ ਗਿਆ। ਸਟੇਸ਼ਨ ਧਰਨੇ ਦੌਰਾਨ ਬਲਵੰਤ ਸਿੰਘ ਉੱਪਲੀ, ਗੁੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ, ਅਮਰਜੀਤ ਕੌਰ, ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ| ਆਗੂਆਂ ਨੇ 24 ਫਰਵਰੀ ਨੂੰ ‘ਜਬਰ ਵਿਰੋਧੀ ਦਿਵਸ’ ਵਜੋਂ ਮਨਾਉਣ ਦਾ ਐਲਾਨ ਕਰਦਿਆਂ ਮਾਰਚ ਕਰ ਕੇ ਡੀ.ਸੀ. ਨੂੰ ਮੰਗ ਪੱਤਰ ਸੌਂਪਣ ਦਾ ਫ਼ੈਸਲਾ ਲਿਆ। ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿੱਚ 143ਵੇਂ ਦਿਨ ਵੀ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਦੀ ਅਗਵਾਈ ਹੇਠ ਘਿਰਾਓ ਜਾਰੀ ਰਿਹਾ| ਇਸ ਤੋਂ ਇਲਾਵਾ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਬਡਬਰ ਟੌਲ ਪਲਾਜ਼ਾ, ਰਿਲਾਇੰਸ ਪੰਪ ਸੰਘੇੜਾ-ਧਨੌਲਾ ਅੱਗੇ ਚੱਲ ਰਹੇ ਮੋਰਚਿਆਂ ਵਿੱਚ ਅਜੀਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਜਥੇਬੰਦੀ ਦੇ ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ, ਚਮਕੌਰ ਸਿੰਘ ਨੈਣੇਵਾਲ ਆਦਿ ਨੇ ਅਜੀਤ ਸਿੰਘ ਦੀ ਫੋਟੋ ਅੱਗੇ ਮੋਮਬੱਤੀਆਂ ਜਗਾ ਕੇ ਸਿਜਦਾ ਕੀਤਾ। ਆਗੂਆਂ ਨੇ 27 ਜੁੁਲਾਈ ਨੂੰ ਦਿੱਲੀ ਵੱਲ ਵਹੀਰਾਂ ਘੱਤਣ ਦਾ ਸੱਦਾ ਦਿੱਤਾ।