ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ 10 ਜੂਨ
ਤਕਰੀਬਨ ਡੇਢ ਕੁ ਮਹੀਨਾ ਪਹਿਲਾਂ ਨਵੇਂ ਬਣੇ ਮਾਨਸਾ ਰਜਵਾਹੇ ਵਿੱਚ ਪਿਛਲੇ ਪਿੰਡਾਂ ਦੇ ਕਿਸਾਨਾਂ ਨੇ ਆਪਣਾ ਪਾਣੀ ਵਧਾਉਣ ਦੇ ਮਕਸਦ ਨਾਲ ਹੁਣ ਮੋਘਿਆਂ ਦੀ ਭੰਨ-ਤੋੜ ਕਰ ਦਿੱਤੀ ਜਿਸ ਦੇ ਵਿਰੋਧ ਵਿੱਚ ਟੇਲ ’ਤੇ ਪੈਂਦੇ ਪੰਜ ਪਿੰਡਾਂ ਸ਼ੇਖਪੁਰਾ, ਲੇਲੇਵਾਲਾ, ਨਵਾਂ ਪਿੰਡ, ਬਠਿੰਡਾ ਢਾਣੀ ਅਤੇ ਤਲਵੰਡੀ ਸਾਬੋ ਦੇ ਕਿਸਾਨਾਂ ਨੇ ਅੱਜ ਇਕੱਠੇ ਹੋ ਕੇ ਪਿੰਡ ਸ਼ੇਖਪੁਰਾ ਵਿਖੇ ਤਲਵੰਡੀ ਸਾਬੋ-ਰਾਮਪੁਰਾ ਮੁੱਖ ਸੜਕ ਮਾਰਗ ’ਤੇ ਧਰਨਾ ਲਾ ਦਿੱਤਾ। ਇਸ ਮੌਕੇ ਉਨ੍ਹਾਂ ਮੌੜ ਹਲਕੇ ਦੇ ਆਪ ਵਿਧਾਇਕ, ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ, ਗੁਰਦੀਪ ਸਿੰਘ ਤੂਰ ਬਠਿੰਡਾ ਢਾਣੀ, ਜਥੇਦਾਰ ਜਗਤਾਰ ਸਿੰਘ ਸ਼ੇਖਪੁਰਾ, ਬਲਵਿੰਦਰ ਸਿੰਘ ਲੇਲੇਵਾਲਾ, ਮਨਪ੍ਰੀਤ ਸਿੰਘ ਪਾਜਾ ਸਾਬਕਾ ਸਰਪੰਚ ਨਵਾਂ ਪਿੰਡ ਆਦਿ ਕਿਸਾਨਾਂ ਨੇ ਕਿਹਾ ਕਿ ਮਾਨਸਾ ਰਜਵਾਹਾ ਮੌੜ ਹਲਕੇ ਦੇ ਪਿੰਡਾਂ ਬੁਰਜ, ਮਾਨਸਾ ਆਦਿ ਵਿੱਚ ਟੇਲ ’ਤੇ ਪੈਂਦੇ ਪੰਜ ਪਿੰਡਾਂ ਨੂੰ ਆਉਂਦਾ ਹੈ। ਨਵੇਂ ਬਣੇ ਰਜਵਾਹੇ ਵਿੱਚ ਨਹਿਰੀ ਵਿਭਾਗ ਨੇ ਸਾਰੇ ਮੋਘੇ ਠੀਕ ਲਗਾ ਦਿੱਤੇ ਸਨ। ਪਰ ਹੁਣ ਪਿਛਲੇ ਪਿੰਡਾਂ ਦੇ ਕਿਸਾਨਾਂ ਨੇ ਆਪਣਾ ਨਹਿਰੀ ਪਾਣੀ ਵਧਾਉਣ ਦੇ ਮਕਸਦ ਨਾਲ ਕਥਿੱਤ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਮੋਘਿਆਂ ਦੀ ਭੰਨ-ਤੋੜ ਕਰਕੇ ਮੋਘੇ ਵੱਡੇ ਤੇ ਨੀਵੇਂ ਲਗਾ ਲਏ ਜਿਸ ਕਰਕੇ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚੇਗਾ। ਇਸ ਲਈ ਉਨ੍ਹਾਂ ਨੂੰ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ। ਕਿਸਾਨਾਂ ਨੇ ਮੋਘਿਆਂ ਦੀ ਭੰਨ-ਤੋੜ ਵਿੱਚ ਸ਼ਹਿ ਦੇਣ ਦਾ ਹਲਕਾ ਮੌੜ ਦੇ ਆਪ ਵਿਧਾਇਕ ’ਤੇ ਵੀ ਦੋਸ਼ ਲਾਇਆ। ਧਰਨਾਕਾਰੀਆਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਮੌਕੇ ’ਤੇ ਤਲਵੰਡੀ ਸਾਬੋ ਪੁਲੀਸ ਵੀ ਪਹੁੰਚ ਗਈ। ਅਖ਼ੀਰ ਨਹਿਰੀ ਵਿਭਾਗ ਦੇ ਐੱਸਡੀਓ ਫਿਜ਼ੀ ਬਾਂਸਲ ਨੇ ਧਰਨੇ ਵਿੱਚ ਪਹੁੰਚ ਕੇ ਕੱਲ੍ਹ ਨੂੰ ਮਾਮਲੇ ਦੀ ਜਾਂਚ ਕਰਕੇ ਹੱਲ ਕਰਨ ਦੇ ਦਿਵਾਏ ਭਰੋਸੇ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।