ਪੱਤਰ ਪ੍ਰੇਰਕ
ਅਬੋਹਰ, 27 ਜੂਨ
ਨਹਿਰੀ ਵਿਭਾਗ ਵੱਲੋਂ ਸਿੰਜਾਈ ਦਾ ਪਾਣੀ ਨਾ ਦਿੱਤੇ ਜਾਣ ਦੇ ਰੋਸ ਵਜੋਂ ਗੁੱਸੇ ਵਿੱਚ ਆਏ ਲਗਭਗ 30 ਪਿੰਡਾਂ ਦੇ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਐਕਸੀਅਨ ਦਫ਼ਤਰ ਦਾ ਬਿਜਲੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ, ਜਿਸ ਕਾਰਨ ਸਾਰੇ ਕਰਮਚਾਰੀ ਗਰਮੀ ਵਿੱਚ ਬੈਠੇ ਰਹੇ। ਦੂਜੇ ਪਾਸੇ, ਐਕਸੀਅਨ ਨੇ ਦੱਸਿਆ ਕਿ ਕਿਸਾਨਾਂ ਨੂੰ ਵਾਅਦੇ ਮੁਤਾਬਕ ਪਾਣੀ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਧਰਨੇ ’ਤੇ ਬੈਠੇ ਕਿਸਾਨਾਂ ਸੁਖਮੰਦਰ ਸਿੰਘ, ਗੁਣਵੰਤ ਸਿੰਘ, ਕੁਲਦੀਪ ਸਿੰਘ, ਸ਼ੈਲੇਂਦਰ ਸੇਤੀਆ, ਹਰਪਿੰਦਰ ਸਿੰਘ, ਹਰਪਾਲ ਸਿੰਘ, ਮਹਿਲ ਸਿੰਘ, ਭਰਤ ਭਾਦੂ, ਗੁਰਸੇਵਕ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਸਰਹਿੰਦ ਫੀਡਰ ਟੁੱਟਣ ਕਾਰਨ 20 ਦਿਨਾਂ ਤੋਂ ਪਾਣੀ ਨਹੀਂ ਦਿੱਤਾ ਗਿਆ, ਜਿਸ ਕਾਰਨ ਨਰਮੇ ਦੀ ਫ਼ਸਲ ਦੀ ਬਿਜਾਈ 40 ਫੀਸਦੀ ਹੀ ਹੋ ਸਕੀ ਹੈ ਅਤੇ ਫਸਲੀ ਵਿਭਿੰਨਤਾ ਤਹਿਤ ਲਾਏ ਗਏ ਕਿੰਨੂ ਦੇ ਬਾਗ਼ ਵੀ ਸੁੱਕ ਗਏ ਹਨ। ਪਾਣੀ ਘੱਟ ਹੋਣ ਕਾਰਨ ਕਿੰਨੂ ਦੇ ਫ਼ਲ ਵੀ ਡਿੱਗਣੇ ਸ਼ੁਰੂ ਹੋ ਗਏ ਹਨ ਅਤੇ ਹੁਣ ਗੁਆਰੇ ਦੀ ਬਿਜਾਈ ਵੀ ਨਹੀਂ ਹੋ ਰਹੀ। ਕਰੀਬ ਦੋ ਹਫ਼ਤੇ ਪਹਿਲਾਂ ਪਾਣੀ ਨਾ ਮਿਲਣ ਕਾਰਨ ਸ੍ਰੀਗੰਗਾਨਗਰ ਰੋਡ ’ਤੇ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ ਗਈ ਸੀ ਤਾਂ ਐਕਸੀਅਨ ਸਣੇ ਐੱਸਸੀ ਨੇ ਹੜਤਾਲ ਵਾਲੀ ਥਾਂ ’ਤੇ ਪਹੁੰਚ ਕੇ ਵਾਰਬੰਦੀ ਨਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਫਿਰ ਵਾਰਬੰਦੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਹਿੱਸੇ ਦਾ ਕਰੀਬ 1000 ਕਿਊਸਿਕ ਪਾਣੀ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ।
ਕਿਸਾਨਾਂ ਅਨੁਸਾਰ ਪਿਛਲੇ ਦਸ ਸਾਲਾਂ ਵਿੱਚ ਪਹਿਲੀ ਵਾਰ ਉਨ੍ਹਾਂ ਨੂੰ ਨਹਿਰੀ ਪਾਣੀ ਲਈ ਰੋਜ਼ਾਨਾ ਧਰਨੇ ਲਾਉਣੇ ਪੈ ਰਹੇ ਹਨ। ਇਸ ਦੌਰਾਨ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੁਲੀਸ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਐਕਸੀਅਨ ਰਮਨਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਬੀਤੀ ਰਾਤ ਵਾਰਬੰਦੀ ਤਹਿਤ ਮਲੂਕਾ ਨਹਿਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਰੋਟੇਸ਼ਨ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਉਨ੍ਹਾਂ ਕਿਸਾਨਾਂ ਦੀ ਹੜਤਾਲ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਇਸ ਸਾਲ ਮੀਂਹ ਘੱਟ ਹੋਣ ਕਾਰਨ ਨਹਿਰੀ ਪਾਣੀ ਦੀ ਬਹੁਤ ਲੋੜ ਹੈ ਅਤੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾ ਰਹੇ ਹਨ। ਉਮੀਦ ਹੈ ਕਿ ਇਸ ਦਾ ਜਲਦੀ ਹੱਲ ਹੋ ਜਾਵੇਗਾ।
ਪਾਣੀ ਨਾ ਮਿਲਣ ’ਤੇ ਐਕਸੀਅਨ ਦਫ਼ਤਰ ਅੱਗੇ ਧਰਨਾ
ਮਾਨਸਾ (ਜੋਗਿੰਦਰ ਸਿੰਘ ਮਾਨ): ਇੱਥੋਂ ਨੇੜਲੇ ਪਿੰਡ ਕਰਮਗੜ੍ਹ ਔਤਾਂਵਾਲੀ ਦੇ ਅੱਧੇ ਹਿੱਸੇ ਨੂੰ ਵਾਟਰ ਵਰਕਸ ਦਾ ਪਾਣੀ ਨਾ ਮਿਲਣ ਦੇ ਵਿਰੋਧ ਵਜੋਂ ਅੱਜ ਅੱਕੇ ਹੋਏ ਕਿਸਾਨਾਂ ਨੇ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਦਾ ਘਿਰਾਓ ਕੀਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਅਤਿ ਦੀ ਗਰਮੀ ਦੇ ਦਿਨਾਂ ਦੌਰਾਨ ਵੀ ਜਦੋਂ ਪਿੰਡ ਦੇ ਲੋਕਾਂ ਨੂੰ ਵਾਰ-ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਉਣ ਦੇ ਬਾਵਜੂਦ ਪਾਣੀ ਨਾ ਮਿਲਿਆ ਤਾਂ ਉਨ੍ਹਾਂ ਕੋਲ ਸਿਵਾਏ ਅਧਿਕਾਰੀਆਂ ਦੇ ਘਿਰਾਓ ਤੋਂ ਹੋਰ ਕੋਈ ਚਾਰਾ ਹੀ ਨਾ ਰਿਹਾ। ਘਿਰਾਓਕਾਰੀਆਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਕੀਤੀ ਗਈ। ਐਕਸੀਅਨ ਦਾ ਘਿਰਾਓ ਕਰਨ ਲਈ ਪੁੱਜੇ ਕਿਸਾਨਾਂ ਨੇ ਦਫ਼ਤਰ ਨੂੰ ਘੇਰਕੇ ਧਰਨਾ ਲਾ ਦਿੱਤਾ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਇਲਾਕੇ ਦਾ ਧਰਤੀ ਹੇਠਲਾ ਪਾਣੀ ਨਾ ਪੀਣਯੋਗ ਹੈ ਅਤੇ ਬਹੁਤ ਜ਼ਿਆਦਾ ਮਾੜਾ ਹੈ, ਜਿਸ ਦੀ ਵਰਤੋਂ ਨਾਲ ਲੋਕ ਹੱਡੀਆਂ ਦੀਆਂ ਬਿਮਾਰੀਆਂ ਸਮੇਤ ਹੋਰ ਕਈ ਭਿਆਨਕ ਰੋਗਾਂ ਤੋਂ ਪੀੜਤ ਹੋ ਰਹੇ ਹਨ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਅਤੇ ਰੂਪ ਸਿੰਘ ਖਿਆਲਾ ਨੇ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੈ। ਉਨ੍ਹਾਂ ਕਿਹਾ ਕਿ ਉਹ ਅਨੇਕਾਂ ਵਾਰ ਸਰਕਾਰੇ-ਦਰਬਾਰੇ ਪੀਣ ਵਾਲੇ ਪਾਣੀ ਦੀ ਤੰਗੀ ਬਾਰੇ ਅਰਜੋਈਆਂ ਕਰ ਚੁੱਕੇ ਹਨ, ਪਰ ਸਿਵਾਏ ਲਾਰਿਆਂ ਤੋਂ ਕੁੱਝ ਵੀ ਪੱਲੇ ਨਾ ਪਾਇਆ ਗਿਆ। ਇਸੇ ਦੌਰਾਨ ਹੀ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਛੇਤੀ ਹੀ ਮਸਲੇ ਦਾ ਹੱਲ ਕਰਨਾ ਭਰੋਸਾ ਦੇਣ ਤੋਂ ਬਾਅਦ ਇਹ ਘਿਰਾਓ ਖਤਮ ਕਰ ਦਿੱਤਾ ਗਿਆ ਅਤੇ ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਪਹਿਲਾਂ ਦੀ ਤਰ੍ਹਾਂ ਲਾਰੇ-ਲੱਪੇ ਲਾਈ ਰੱਖੇ ਤਾਂ ਮੁੜ ਮਹਿਕਮੇ ਦੇ ਦਫ਼ਤਰ ਅੱਗੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਲਖਵੀਰ ਸਿੰਘ, ਬਲਜੀਤ ਭੈਣੀਬਾਘਾ, ਗੁਰਵਿੰਦਰ ਸਿੰਘ ਰਾਠੀ, ਦਰਸ਼ਨ ਸਿੰਘ, ਮੇਜਰ ਸਿੰਘ, ਨਛੱਤਰ ਸਿੰਘ, ਤੇਜੀ ਸਿੰਘ, ਅੰਗਰੇਜ਼ ਸਿੰਘ, ਰੂਪ ਅਕਲੀਆ ਤੇ ਸੱਤਪਾਲ ਅਕਲੀਆ ਨੇ ਵੀ ਸੰਬੋਧਨ ਕੀਤਾ।