ਸੁੰਦਰ ਨਾਥ ਆਰੀਆ
ਅਬੋਹਰ, 12 ਅਗਸਤ
ਸੁਖਚੈਨ ਮੈਨਰ ਵਿੱਚੋਂ ਖੇਤੀ ਲਈ ਪਾਣੀ ਨਾ ਮਿਲਣ ’ਤੇ ਕਿਸਾਨਾਂ ਨੇ ਦੁਖੀ ਹੋ ਕੇ ਅੱਜ ਇੱੱਥੇ ਪਿੰਡ ਰਾਜਪੁਰਾ ਨੇੜੇ ਸੜਕ ਜਾਮ ਕਰ ਦਿੱਤੀ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਮਿਲ ਕੇ ਲੰਬੀ ਮਾਈਨਰ ਅਤੇ ਸੁਖਚੈਨ ਮਾਈਨਰ ਵਿੱਚ ਪਾਣੀ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਕਿ ਜੇ ਪਾਣੀ ਨਾ ਛੱਡਿਆ ਗਿਆ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ। ਅੱਜ ਸੁਖਚੈਨ ਮਾਈਨਰ ਵਿੱਚ ਪਾਣੀ ਬਿਲਕੁਲ ਬੰਦ ਹੋਣ ’ਤੇ ਕਿਸਾਨਾਂ ਨੇ ਰੋਸ ਪ੍ਰਕਟ ਕਰਦਿਆਂ ਪਿੰਡ ਰਾਜਪੁਰਾ ਨੇੜੇ ਚੱਕਾ ਜਾਮ ਕਰਕੇ ਧਰਨਾ ਲਗਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤਕ ਪਾਣੀ ਨਹੀਂ ਛੱਡਿਆਂ ਜਾਂਦਾ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਕਮੇਟੀ ਮੈਂਬਰ ਸੁਭਾਸ਼ ਗੋਦਾਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਵਿਨੋਦ ਢੁੱਢੀ, ਨਿਰਮਲ ਬਹਾਵਵਾਲਾ, ਸੁਨੀਲ ਜਾਂਗੁ, ਗੁਰਮੇਲ ਰਾਜਪੁਰਾ, ਓਮ ਪ੍ਰਕਾਸ਼, ਤਾਰਾ ਮਾਕੜ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਐਕਸੀਅਨ ਨੂੰ ਆਪਣੀ ਪ੍ਰੇਸ਼ਾਨੀ ਬਾਬਤ ਦੱਸਿਆ ਸੀ। ਇਸ ’ਤੇ ਉਨ੍ਹਾਂ ਜਲਦੀ ਹੀ ਪਾਣੀ ਛੱਡਣ ਦਾ ਭਰੋਸਾ ਦਿੱਤਾ ਸੀ ਪਰ ਉਨ੍ਹਾਂ ਪਾਣੀ ਤਾਂ ਕੀ ਛੱਡਣਾ ਸੀ ਉਲਟਾ ਸੁਖਚੈਨ ਮਾਈਨਰ ’ਚ ਘੱਟ ਆ ਰਹੇ ਪਾਣੀ ਨੂੰ ਵੀ ਬੰਦ ਕਰਵਾ ਦਿੱਤਾ ਜਿਸ ਕਰਕੇ ਕਿਸਾਨਾਂ ਨੂੰ ਮਜਬੂਰ ਹੋ ਕੇ ਚੱਕਾ ਜਾਮ ਕਰਨਾ ਪਿਆ। ਕਿਸਾਨਾਂ ਨੇ ਕਿਹਾ ਕਿ ਜਦ ਤੱਕ ਦੋਹਾਂ ਮਾਈਨਰਾਂ ਵਿੱਚ ਪਾਣੀ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ।