ਪ੍ਰਭੂ ਦਿਆਲ
ਸਿਰਸਾ, 29 ਜੁਲਾਈ
ਰਾਜਸਥਾਨ ਦੇ ਨਾਲ ਲੱਗਦੇ ਹਰਿਆਣਾ ਦੇ ਕਰੀਬ ਇਕ ਦਰਜਨ ਪਿੰਡਾਂ ਦੇ ਕਿਸਾਨਾਂ ਨੂੰ ਟਿੱਡੀਆਂ ਨੇ ਵਾਹਣੀ ਪਾ ਦਿੱਤਾ ਹੈ। ਕਿਸਾਨ ਟਿੱਡੀਆਂ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਦਿਨ-ਰਾਤ ਪਰਿਵਾਰਾਂ ਸਮੇਤ ਖੇਤਾਂ ਦੀ ਰਾਖੀ ਕਰਨ ਲਈ ਮਜਬੂਰ ਹਨ। ਕੋਈ ਪੀਪੇ ਜਾਂ ਥਾਲ਼ ਖੜਕਾ ਕੇ ਟਿੱਡੀਆਂ ਉਡਾ ਰਿਹਾ ਹੈ ਤਾਂ ਕੋਈ ਟਰੈਕਰਟਰ ’ਤੇ ਡੈੱਕ ਲਾ ਕੇ ਅਤੇ ਕੋਈ ਖੇਤਾਂ ’ਚ ਪਟਾਕੇ ਚਲਾ ਕੇ ਟਿੱਡੀਆਂ ਤੋਂ ਫ਼ਸਲ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਖੇਤੀ ਵਿਭਾਗ ਵੱਲੋਂ ਲੰਘੀ ਰਾਤ ਕਈ ਥਾਵਾਂ ’ਤੇ ਟਿੱਡੀਆਂ ’ਤੇ ਸਪਰੇਅ ਕਰ ਕੇ ਉਨ੍ਹਾਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ ਹੈ।
ਟਿੱਡੀਆਂ ਹਵਾ ਦੇ ਰੱਖ ਨਾਲ ਕਦੇ ਹਰਿਆਣਾ ਦੇ ਪਿੰਡਾਂ ਤੇ ਕਦੇ ਰਾਜਸਥਾਨ ਦੇ ਪਿੰਡਾਂ ਦੇ ਖੇਤਾਂ ਵਿੱਚ ਖੜ੍ਹੀਆਂ ਨਰਮੇ, ਕਪਾਹ, ਮੂੰਗੀ, ਬਾਜਰਾ, ਗੁਆਰੇ ਦੀ ਫ਼ਸਲ ’ਤੇ ਵਾਰ-ਵਾਰ ਹਮਲਾ ਕਰ ਰਹੀਆਂ ਹਨ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਟਿੱਡੀਆਂ ਦੇ ਕੰਟਰੋਲ ਲਈ ਕੀਤੇ ਗਏ ਪ੍ਰਬੰਧਾਂ ਨੂੰ ਨਾਕਾਫੀ ਦੱਸਿਆ ਹੈ ਜਦੋਂਕਿ ਖੇਤੀਬਾੜੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਟਿੱਡੀਆਂ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਪੂਰੇ ਪ੍ਰਬੰਧ ਹਨ। ਅਧਿਕਾਰੀਆਂ ਨੇ ਦੱਸਿਆ ਕਿ ਟਿੱਡੀਆਂ ਹਵਾ ਦੇ ਰੁਖ਼ ਨਾਲ ਚੱਲ ਰਹੀਆਂ ਹਨ, ਕਦੇ ਉਹਹ ਹਰਿਆਣਾ ਦੇ ਪਿੰਡਾਂ ਵਿੱਚ ਹੁੰਦੀਆਂ ਹਨ ਤੇ ਕਦੇ ਰਾਜਸਥਾਨ ਦੇ ਪਿੰਡਾਂ ਵਿੱਚ। ਜਿੱਥੇ ਟਿੱਡੀਆਂ ਦੇ ਝੁੰਡ ਬੈਠਦੇ ਹਨ, ਉਥੇ ਸਪਰੇਅ ਕਰ ਕੇ ਟਿੱਡੀਆਂ ਨੂੰ ਮਾਰਿਆ ਜਾ ਰਿਹਾ ਹੈ। ਕੁਝ ਥਾਵਾਂ ’ਤੇ ਕਿਸਾਨ ਖੁਦ ਆਪਣੇ ਟਰੈਕਟਰ ਸਪਰੇਅ ਪੰਪਾਂ ਨਾਲ ਟਿੱਡੀਆਂ ’ਤੇ ਸਪਰੇਅ ਕਰ ਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।
ਏਲਨਾਬਾਦ (ਜਗਤਾਰ ਸਮਾਲਸਰ): ਰਾਜਸਥਾਨ ਤੋਂ ਇੱਕ ਵਾਰ ਫਿਰ ਏਲਨਾਬਾਦ ਹਲਕੇ ਦੇ ਪਿੰਡਾਂ ਜਮਾਲ, ਕੁਤਿਆਨਾ, ਖੇੜੀ ਆਦਿ ਵਿੱਚ ਆਏ ਟਿੱਡੀ ਦਲ ਨੇ ਆਪਣਾ ਪੜਾਅ ਕੀਤਾ। ਇਸ ਟਿੱਡੀ ਦਲ ਨੂੰ ਮਾਰਨ ਲਈ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੜਾਅ ਵਾਲੀ ਥਾਂ ’ਤੇ ਸਪਰੇਅ ਕਰਕੇ ਟਿੱਡੀਆਂ ਨੂੰ ਮਾਰਿਆ। ਲੋਕਾਂ ਨੇ ਥਾਲ, ਡਰੰਮ, ਪੀਪੇ ਆਦਿ ਖੜਕਾ ਕੇ ਟਿੱਡੀਆਂ ਨੂੰ ਖੇਤਾਂ ਵਿੱਚੋਂ ਭਜਾਇਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਪੂਰੀ ਰਾਤ ਟਿੱਡੀਆਂ ਦਾ ਪਿੱਛਾ ਕਰਦਾ ਰਿਹਾ ਅਤੇ ਜਿੱਥੇ ਵੀ ਟਿੱਡੀਆਂ ਨੇ ਆਪਣਾ ਪੜਾਅ ਕੀਤਾ ਉੱਥੇ ਹੀ ਸਪਰੇਅ ਦਾ ਛਿੜਕਾਅ ਕੀਤਾ ਗਿਆ। ਮੌਕੇ ’ਤੇ ਪੁੱਜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਬਾਬੂ ਲਾਲ ਨੇ ਦੱਸਿਆ ਕਿ ਉਪਰੋਕਤ ਪਿੰਡਾਂ ਦੇ ਖੇਤਾਂ ਵਿੱਚ ਟਿੱਡੀਆਂ ਦੇ ਆਉਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਉਹ ਟੀਮ ਸਮੇਤ ਇੱਥੇ ਪਹੁੰਚੇ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਉੱਤੇ ਸਪਰੇਅ ਕਰਨ ਲਈ 20 ਟਰੈਕਟਰ ਸਪਰੇਅ ਪੰਪ ਲਗਾਏ ਗਏ ਹਨ ਅਤੇ ਨੌਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪਿੰਡਾਂ ਦੇ ਲੋਕਾਂ ਨੇ ਵੀ ਟਿੱਡੀ ਦਲ ਨਾਲ ਨਿਪਟਣ ਲਈ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਖੇਤੀਬਾੜੀ ਵਿਭਾਗ ਕੋਲ ਟਿੱਡੀ ਦਲ ਤੋਂ ਨਿਪਟਣ ਲਈ ਪੂਰੇ ਪ੍ਰਬੰਧ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਟਿੱਡੀ ਦਲ ਵਲੋਂ ਨੁਕਸਾਨ ਕੀਤਾ ਗਿਆ ਹੈ ਪਰ ਅਜੇ ਇਸ ਨੁਕਸਾਨ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ। ਅੱਜ ਸਵੇਰੇ ਬਚੇ ਹੋਏ ਟਿੱਡੀ ਦਲ ਨੇ ਇੱਕ ਵਾਰ ਫਿਰ ਹਵਾ ਦਾ ਰੁਖ਼ ਰਾਜਸਥਾਨ ਵੱਲ ਹੋਣ ਕਾਰਨ ਵਾਪਸ ਰਾਜਸਥਾਨ ਵੱਲ ਨੂੰ ਉਡਾਨ ਭਰ ਲਈ ਸੀ।
ਟਿੱਡੀ ਦਲ ਦੇ ਹਮਲਿਆਂ ਤੋਂ ਮਾਲਵਾ ਪੱਟੀ ਦੇ ਕਿਸਾਨ ਫਿਕਰਮੰਦ
ਮਾਨਸਾ (ਜੋਗਿੰਦਰ ਸਿੰਘ ਮਾਨ): ਰਾਜਸਥਾਨ ਵਾਲੇ ਪਾਸਿਓਂ ਹਰਿਆਣਾ ਵਿੱਚ ਟਿੱਡੀ ਦਲ ਦੇ ਮੁੜ ਦਾਖ਼ਲ ਹੋਣ ਤੋਂ ਬਾਅਦ ਦੂਜੇ ਦਿਨ ਵੀ ਮਾਲਵਾ ਖੇਤਰ ਦੇ ਮਾਨਸਾ, ਬਠਿੰਡਾ, ਮੁਕਤਸਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਹਮਲੇ ਦਾ ਖ਼ਦਸ਼ਾ ਬਣਿਆ ਹੋਇਆ ਹੈ। ਬੇਸ਼ੱਕ ਪੰਜਾਬ ਦੇ ਖੇਤੀ ਮਹਿਕਮੇ ਨੇ ਕਿਸਾਨਾਂ ਨੂੰ ਇਸ ਸਬੰਧੀ ਸੁਚੇਤ ਕਰ ਦਿੱਤਾ ਹੈ, ਪਰ ਖੇਤੀ ਮਾਹਿਰ ਹਵਾ ਦੀ ਦਿਸ਼ਾ ਮਾਲਵੇ ਵਾਲੇ ਪਾਸੇ ਨਾ ਹੋਣ ਤੋਂ ਸਥਿਤੀ ਨੂੰ ਬਿਲਕੁਲ ਸਥਿਰ ਦੱਸ ਰਹੇ ਹਨ। ਉਂਝ ਮਹਿਕਮੇ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਹਮਲੇ ਦਾ ਟਾਕਰਾ ਕਰਨ ਲਈ ਸਪਰੇਅ ਵਾਲੇ ਢੋਲ ਤਿਆਰ ਰੱਖਣ ਦਾ ਸੱਦਾ ਦਿੱਤਾ ਗਿਆ ਹੈ ਜਦੋਂ ਕਿ ਇਲਾਕੇ ਵਿਚਲੇ ਫਾਇਰ ਬਿਗ੍ਰੇਡ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਹਰਿਆਣਾ ਵਿੱਚ ਅਜਿਹਾ ਹਮਲਾ ਹੋਣ ਮਗਰੋਂ ਉਨ੍ਹਾਂ ਨੇ ਇਸ ਜ਼ਿਲ੍ਹੇ ਵਿੱਚ ਮਹਿਕਮੇ ਵੱਲੋਂ ਹਰ ਤਰ੍ਹਾਂ ਦੇ ਬੰਦੋਬਸ਼ਤ ਕਾਇਮ ਕਰ ਲਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹਵਾ ਦਾ ਰੁਖ਼ ਦੱਖਣ ਵਾਲੇ ਪਾਸਿਓਂ ਚੱਲਦਾ ਹੈ ਤਾਂ ਅਜਿਹਾ ਹਮਲਾ ਮਾਨਸਾ ਜ਼ਿਲ੍ਹੇ ਦੀ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡਾਂ ਵਿੱਚ ਵੀ ਹੋ ਸਕਦਾ ਹੈ ਪਰ ਹਵਾ ਦਾ ਰੁਖ਼ ਬਿਲਕੁਲ ਉਲਟ ਦਿਸ਼ਾ ਵੱਲ ਹੋਣ ਕਾਰਨ ਅਜੇ ਤੱਕ ਹਮਲੇ ਦੀ ਕੋਈ ਸੰਭਾਵਨਾ ਨਹੀਂ ਹੈ।