ਸੁੰਦਰਨਾਥ ਆਰਿਆ
ਅਬੋਹਰ, 6 ਸਤੰਬਰ
ਨਹਿਰੀ ਕਲੋਨੀ ਵਿੱਚ ਬੀਤੇ ਕਈ ਦਿਨਾਂ ਤੋਂ ਐਕਸੀਅਨ ਦਫਤਰ ਦੇ ਬਾਹਰ ਬੈਠੇ ਪਿੰਡ ਭੰਗਾਲਾ ਦੇ ਕਿਸਾਨਾਂ ਦਾ ਗੁੱਸਾ ਅੱਜ ਫੁਟ ਪਿਆ। ਸਮੱਸਿਆ ਦਾ ਹੱਲ ਨਾ ਹੋਣ ਦੇ ਰੋਸ ਵਜੋਂ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਦੋਵੇਂ ਗੇਟ ਬੰਦ ਕਰ ਕੇ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਤੇ ਸਟਾਫ ਨੂੰ ਬੰਧਕ ਬਣਾ ਲਿਆ। ਕਿਸਾਨਾਂ ਨੇ ਇਸ ਦੌਰਾਨ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਸਮੱਸਿਆ ਹੱਲ ਕੀਤੇ ਜਾਣ ਦਾ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਐਕਸੀਅਨ ਦਫ਼ਤਰ ਦਾ ਘਿਰਾਓ ਜਾਰੀ ਰੱਖਣਗੇ। ਇਸ ਦੌਰਾਨ ਮੀਂਹ ਵਿੱਚ ਕਿਸਾਨਾਂ ਤੋਂ ਇਲਾਵਾ ਔਰਤਾਂ ਵੀ ਗੇਟ ਅੱਗੇ ਡਟੀਆਂ ਰਹੀਆਂ। ਨਹਿਰੀ ਵਿਭਾਗ ਦੇ ਐਕਸੀਅਨ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਡੀਐਸਪੀ ਵਿਭੋਰ ਸ਼ਰਮਾ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਕਿਸਾਨ ਆਗੂਆਂ ਅਤੇ ਐਕਸੀਅਨ ਵਿਚਾਲੇ ਗੱਲਬਾਤ ਕਰਵਾਈ ਤੇ ਦਫ਼ਤਰ ਦਾ ਘਿਰਾਓ ਖਤਮ ਕਰਾਇਆ।
ਜਾਣਕਾਰੀ ਮੁਤਾਬਕ ਅੱਜ ਕਿਸਾਨਾਂ ਨੇ ਐਕਸੀਅਨ ਨਾਲ ਮੁਲਾਕਾਤ ਕੀਤੀ। ਐਕਸੀਅਨ ਨੇ ਉਨ੍ਹਾਂ ਨੂੰ ਕਿਹਾ ਕਿ ਪਿੰਡ ਭੰਗਾਲਾ ਦੇ ਪਾਣੀ ਦਾ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈ, ਜਿਸ ਕਾਰਨ ਉਹ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਕਿਸਾਨਾਂ ਨੂੰ ਹਾਈ ਕੋਰਟ ਜਾਣਾ ਚਾਹੀਦਾ ਹੈ। ਇੰਨਾ ਸੁਣਦੇ ਹੀ ਕਿਸਾਨ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਦੋਵੇਂ ਗੇਟ ਬੰਦ ਕਰਕੇ ਐਕਸੀਅਨ ਅਤੇ ਸਮੁੱਚੇ ਸਟਾਫ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਪਿੰਡ ਦੀ ਪੰਚਾਇਤ ਨੇ ਐਕਸੀਅਨ ਨੂੰ ਤਰਸ ਦੇ ਆਧਾਰ ’ਤੇ ਪਿੰਡ ਨੂੰ ਪਾਣੀ ਦੇਣ ਲਈ ਮਤਾ ਪਾਸ ਕਰਨ ਲਈ ਕਿਹਾ, ਜਿਸ ’ਤੇ ਐਕਸੀਅਨ ਨੇ ਕਿਹਾ ਕਿ ਉਹ ਇਸ ਸਬੰਧੀ ਐਸ.ਈ. ਨਾਲ ਗੱਲ ਕਰਕੇ ਤਰਸ ਦੇ ਆਧਾਰ ’ਤੇ ਪਾਣੀ ਦੇਣ ਦੀ ਕੋਸ਼ਿਸ਼ ਕਰਨਗੇ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਸ ਸਬੰਧੀ ਲਿਖਤੀ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਉਹ ਗੇਟ ਬੰਦ ਕਰਕੇ ਬੈਠੇ ਰਹਿਣਗੇ। ਕਿਸਾਨਾਂ ਨੇ ਬੱਲੂਆਣਾ ਦੇ ਵਿਧਾਇਕ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਵਿਧਾਇਕ ਨੇ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਕੀਤਾ। ਇਸ ਮੌਕੇ ਕਿਸਾਨ ਜਗਸੀਰ ਸਿੰਘ, ਜਗਤਾਰ ਸਿੰਘ, ਗੁਰਮੇਲ ਸਿੰਘ, ਪ੍ਰਦੀਪ ਕੁਮਾਰ, ਗੁਰਮੀਤ ਕੌਰ, ਰਾਜਨਦੀਪ ਕੌਰ, ਜਸਵਿੰਦਰ ਸਿੰਘ, ਅਮਰੀਕ ਸਿੰਘ, ਰਜਿੰਦਰ ਸਿੰਘ, ਅਨਮੋਲਦੀਪ ਸਿੰਘ, ਜਗਵਿੰਦਰ ਸਿੰਘ, ਜਗਨੰਦਨ ਸਿੰਘ, ਬਖਸ਼ੀਸ਼ ਸਿੰਘ, ਸੁਖਵੰਤ ਸਿੰਘ, ਹਰਜਿੰਦਰ ਸਿੰਘ, ਸੰਤਪਾਲ ਸਿੰਘ, ਦਰਸ਼ਨ ਲਾਲ ਆਦਿ ਹਾਜ਼ਰ ਸਨ।