ਏਲਨਾਬਾਦ, 14 ਅਪਰੈਲ
ਅਨਾਜ ਮੰਡੀ ਵਿੱਚ ਕਣਕ ਦੀ ਲਿਫ਼ਟਿੰਗ ਸੁਚਾਰੂ ਰੂਪ ਨਾਲ ਨਾ ਹੋਣ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ। ਮੰਡੀ ਵਿੱਚ ਕਣਕ ਵੇਚਣ ਲਈ ਆਏ ਖੇਤਰ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਚਾਰ-ਚਾਰ ਦਿਨ ਤੋਂ ਆਪਣੀ ਕਣਕ ਲੈ ਕੇ ਮੰਡੀ ਵਿੱਚ ਬੈਠੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਕਣਕ ਨਹੀਂ ਤੋਲੀ ਗਈ। ਕਿਸਾਨਾਂ ਨੇ ਆਖਿਆ ਕਿ ਇੱਥੇ 5 ਅਪਰੈਲ ਤੋਂ ਬਾਅਦ ਖਰੀਦ ਤਾਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਠੇਕੇਦਾਰ ਵਲੋਂ ਕਣਕ ਦੀ ਲਿਫ਼ਟਿੰਗ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਜਿੱਥੇ ਕਣਕ ਤੋਲਣ ਲਈ ਸ਼ੈੱਡ ਬਣੇ ਹੋਏ ਹਨ ਠੇਕੇਦਾਰ ਨੇ ਉੱਥੇ ਹੀ ਕਣਕ ਦਾ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਮੰਡੀ ਵਿੱਚ ਕਿੱਧਰੇ ਵੀ ਕਣਕ ਉਤਾਰਨ ਲਈ ਜਗ੍ਹਾਂ ਨਹੀਂ ਬਚੀ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਨੇ ਆਖਿਆ ਕਿ ਖਰੀਦ ਸ਼ੁਰੂ ਹੋਣ ਤੋਂ ਪਹਿਲਾ ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ ਸੀ ਜੋ ਠੇਕੇਦਾਰ ਆਪਣੀ ਖਰੀਦੀ ਗਈ ਕਣਕ ਦੀ ਲਿਫ਼ਟਿੰਗ 72 ਘੰਟੇ ਦੇ ਅੰਦਰ-ਅੰਦਰ ਨਹੀਂ ਕਰਵਾਏਗਾ ਉਸਨੂੰ ਜੁਰਮਾਨਾ ਲਗਾਇਆ ਜਾਵੇਗਾ ਪਰ ਖਰੀਦ ਸ਼ੁਰੂ ਹੁੰਦਿਆਂ ਹੀ ਸਰਕਾਰ ਦੇ ਦਾਅਵੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ।
ਨਥਾਣਾ (ਭਗਵਾਨ ਦਾਸ ਗਰਗ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਨਾਥਪੁਰਾ ਅਤੇ ਪੂਹਲੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਾ ਕੀਤੇ ਜਾਣ ਖ਼ਿਲਾਫ਼ ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਵਿਖਾਵਾ ਕੀਤਾ ਗਿਆ। ਯੂਨੀਅਨ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਬਲਵੀਰ ਸਿੰਘ, ਭੋਲਾ ਸਿੰਘ, ਦਰਸ ਸਿੰਘ, ਸਵਰਨ ਸਿੰਘ, ਸੁਰਜੀਤ ਸਿੰਘ ਅਤੇ ਬਹਾਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਕਿਸਾਨ ਬੀਤੇ ਪੰਜ ਦਿਨਾਂ ਤੋਂ ਇਸ ਖਰੀਦ ਕੇਦਰਾਂ ਵਿੱਚ ਕਣਕ ਦੀ ਫ਼ਸਲ ਢੇਰੀ ਕਰ ਚੁੱਕੇ ਹਨ ਪਰ ਕਣਕ ਦੀ ਖਰੀਦ ਸ਼ੁਰੂ ਨਹੀਂ ਹੋਈ। ਇਸੇ ਕਾਰਨ ਨਾਥਪੁਰਾ ਅਤੇ ਪੂਹਲੀ ਦਾ ਖਰੀਦ ਕੇਂਦਰ ਜਿਣਸ ਨਾਲ ਨੱਕੋ ਨੱਕ ਭਰੇ ਪਏ ਹਨ। ਪਿੰਡ ਨਾਥਪੁਰਾ ਦੇ ਖਰੀਦ ਕੇਦਰ ਵਿੱਚ ਭਾਰਤੀ ਖੁਰਾਕ ਨਿਗਮ ਅਤੇ ਮਾਰਕਫੈੱਡ ਵੱਲੋਂ ਸਰਕਾਰ ਤੋਂ ਕਣਕ ਖਰੀਦ ਕੀਤੀ ਜਾਣੀ ਹੈ ਜਦੋਂ ਕਿ ਪੂਹਲੀ ਦੇ ਖਰੀਦ ਕੇਂਦਰ ’ਚੋਂ ਪਨਗ੍ਰੇਨ ਵੱਲੋਂ ਖਰੀਦ ਕੀਤੀ ਜਾਣੀ ਹੈ। ਕਿਸਾਨ ਆਗੂਆਂ ਦਾ ਇੱਕ ਵਫ਼ਦ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਵੀ ਮਿਲਿਆ। ਕਿਸਾਨਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਂਦੇ 24 ਘੰਟਿਆਂ ’ਚ ਖਰੀਦ ਨਾ ਕੀਤੀ ਗਈ ਤਾਂ ਇਥੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਪਿੰਡ ਮੌੜ ਮਕਸੂਥਾ ’ਚ ਖਰੀਦ ਕੇਂਦਰ ਵਿੱਚ 20 ਹਜ਼ਾਰ ਤੋਂ ਉਪਰ ਕਣਕ ਦੀ ਬੋਰੀ ਵਿਕਣ ਲਈ ਆ ਚੁੱਕੀ ਹੈ ਪਰ ਖਰੀਦਦਾਰ ਹਾਲੇ ਕੋਈ ਨਹੀਂ ਹੈ। ਰੋਸ ਵਜੋਂ ਕਿਸਾਨਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਪਰਵਿੰਦਰ ਸਿੰਘ, ਹਰਨੈਬ ਸਿੰਘ, ਰਣ ਸਿੰਘ, ਹਮੀਰ ਸਿੰਘ ਨੇ ਦੱਸਿਆ ਕਿ ਮੌੜ ਮਕਸੂਥਾ ਦੀ ਦਾਣਾ ਮੰਡੀ ਤਿੰਨ ਪਿੰਡਾਂ ਮੌੜ ਮਕਸੂਥਾ, ਧਰਮਪੁਰਾ ਅਤੇ ਜੰਡਸਰ ਦੀ ਸਾਂਝੀ ਮੰਡੀ ਹੈ। ਕਿਸਾਨ ਪਿਛਲੇ ਪੰਜ ਦਿਨਾਂ ਤੋਂ ਕਣਕ ਦੀ ਰਾਖੀ ’ਤੇ ਬੈਠੇ ਹਨ। ਖਰੀਦ ਕੇਂਦਰ ’ਚ ਐੱਫ.ਸੀ.ਆਈ. ਦੀ ਖਰੀਦ ਹੈ। ਇੱਥੇ ਕੋਈ ਵੀ ਅਧਿਕਾਰੀ ਨਹੀਂ ਪੁੱਜਾ ਹੈ। ਬਾਰਦਾਨਾ ਵੀ ਨਹੀਂ ਆਇਆ ਹੈ। ਪੀਣ ਵਾਲੇ ਪਾਣੀ ਦੇ ਵੀ ਢੁੱਕਵੇਂ ਪ੍ਰਬੰਧ ਨਹੀਂ ਹਨ। ਇਸ ਮੌਕੇ ਅਜੈਬ ਸਿੰਘ ਨੰਬਰਦਾਰ ਮਕਸੂਥਾ, ਬਲਵੀਰ ਸਿੰਘ ਜੰਡਸਰ ਸਰਪੰਚ, ਤੀਰਥ ਸਿੰਘ ਨੰਬਰਦਾਰ, ਰਣਧੀਰ ਸਿੰਘ ਆਦਿ ਨੇ ਦੱਸਿਆ ਕਿ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਲੇਬਰ ਯੂਨੀਅਨ ਦੇ ਆਗੂ ਗੱਗੂ ਸਿੰਘ ਨੇ ਦੱਸਿਆ ਕਿ ਕੰਮ ਨਾ ਚੱਲਣ ਕਾਰਨ 40 ਦੇ ਕਰੀਬ ਮਜ਼ਦੂਰ ਹਫਤੇ ਭਰ ਤੋਂ ਵਿਹਲੇ ਬੈਠੇ ਹਨ। ਸਿਵਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਹਾਲੇ ਤੱਕ ਕਿਸਾਨਾਂ ਦੀ ਹਾਲਤ ਦੇਖਣ ਲਈ ਨਹੀ ਆਇਆ ਹੈ।