ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੂਨ
ਮਾਲਵਾ ਖੇਤਰ ਵਿੱਚ ਨਹਿਰਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਬੰਦੀ ਤੋਂ ਬਾਅਦ ਹੁਣ ਕੋਟਲਾ ਬ੍ਰਾਂਚ ਅਤੇ ਭਾਖੜਾ ਨਹਿਰ ਵਿੱਚ ਪਾਣੀ ਆਉਣ ਤੋਂ ਬਾਅਦ ਕਿਸਾਨ ਖੁਸ਼ ਹਨ। ਸਿੰਜਾਈ ਵਿਭਾਗ ਨੇ ਦੇਰ ਸ਼ਾਮ ਨੂੰ ਦਾਅਵਾ ਕੀਤਾ ਹੈ ਕਿ ਕੋਟਲਾ ਬ੍ਰਾਂਚ ਵਿੱਚ ਅੱਜ ਪਾਣੀ ਆ ਗਿਆ ਹੈ ਅਤੇ ਭਲਕੇ ਤੱਕ ਇਸ ਨਹਿਰ ਸਮੇਤ ਭਾਖੜਾ ਨਹਿਰ ਦਾ ਪਾਣੀ ਮਾਲਵਾ ਦੇ ਇਸ ਖੇਤਰ ਵਿਚਲੇ ਖੇਤਾਂ ਤੱਕ ਪੁੱਜ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਕੋਟਲਾ ਬ੍ਰਾਂਚ ਵਿੱਚ ਆਥਣ ਤੱਕ ਪਾਣੀ ਆਉਣ ਦੀ ਪੁਸ਼ਟੀ ਕੀਤੀ ਹੈ। ਕੋਟਲਾ ਬ੍ਰਾਂਚ ਰਾਹੀਂ ਮਾਲਵਾ ਦੇ ਮਾਨਸਾ ਸਮੇਤ ਬਰਨਾਲਾ, ਬਠਿੰਡਾ ਅਤੇ ਸੰਗਰੂਰ ਦੇ ਖੇਤਾਂ ਦੀ ਪਿਆਸ ਬੁੱਝ ਜਾਵੇਗੀ ਅਤੇ ਜਦੋਂਕਿ ਭਾਖੜਾ ਨਹਿਰ ਕਾਰਨ ਮਾਲਵਾ ਖੇਤਰ ਦੇ 52 ਪਿੰਡਾਂ ਦੇ ਖੇਤਾਂ ਅਤੇ ਵਾਟਰ ਵਰਕਸਾਂ ਦੀ ਤੇਹ ਮਿਟ ਜਾਵੇਗੀ।
ਸਿੰਜਾਈ ਵਿਭਾਗ ਦੇ ਮਾਨਸਾ ਸਥਿਤ ਐਕਸੀਅਨ ਜਗਮੀਤ ਸਿੰਘ ਭਾਖਰ ਨੇ ਇਸ ਪੱਤਰਕਾਰ ਨੂੰ ਵਿਸ਼ੇਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੇਲਾਂ ’ਤੇ ਪੂਰਾ ਪਾਣੀ ਪਹੁੰਚਾਉਣ ਦੇ ਕੀਤੇ ਹੋਏ ਆਦੇਸ਼ਾਂ ਤੋਂ ਮਹਿਕਮੇ ਵੱਲੋਂ ਕੋਟਲਾ ਬ੍ਰਾਂਚ ਸਮੇਤ ਹੋਰ ਛੋਟੀਆਂ ਨਹਿਰਾਂ ਅਤੇ ਸੂਏ-ਕੱਸੀਆਂ ਦੇ ਚੱਲ ਰਹੇ ਸਫ਼ਾਈ ਕਾਰਜਾਂ ਤੋਂ ਬਾਅਦ ਹੁਣ ਇਨ੍ਹਾਂ ਵਿੱਚ ਪਾਣੀ ਪੂਰੀ ਮਾਤਰਾ ਵਿੱਚ ਛੱਡਿਆ ਗਿਆ ਹੈ ਅਤੇ ਇਹ ਪਾਣੀ ਭਲਕੇ ਮਾਲਵਾ ਖੇਤਰ ਦੇ ਸੈਂਕੜੇ ਪਿੰਡਾਂ ਦੇ ਖੇਤਾਂ ਵਿੱਚ ਪੁੱਜ ਜਾਵੇਗਾ, ਜਦਕਿ ਬਹੁਤਿਆਂ ਵਿੱਚ ਅੱਜ ਆਥਣ ਹੋਣ ਤੱਕ ਇਹ ਪਾਣੀ ਚੱਲਣ ਲੱਗ ਪਿਆ ਹੈ।
ਇਸੇ ਦੌਰਾਨ ਸਿੰਜਾਈ ਵਿਭਾਗ ਦੇ ਇੱਕ ਹੋਰ ਅਧਿਕਾਰੀ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਫ਼ਰੀਦਕੋਟ ਦੀਆਂ ਜਿਹੜੀਆਂ ਨਹਿਰਾਂ ਟੁੱਟਣ ਕਾਰਨ ਮਾਲਵਾ ਦੇ ਅਬੋਹਰ-ਫਾਜ਼ਿਲਕਾ ਇਲਾਕੇ ਦੇ ਖੇਤਾਂ ਵਿੱਚ ਪਾਣੀ ਦੀ ਵੱਡੀ ਕਿੱਲਤ ਖੜ੍ਹੀ ਹੋ ਗਈ ਸੀ, ਉਸਦਾ ਵੀ ਮਸਲਾ ਹੱਲ ਹੋ ਗਿਆ ਹੈ ਅਤੇ ਖੇਤਾਂ ਦੀ ਔੜ ਦੂਰ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ।
ਇਸ ਤੋਂ ਪਹਿਲਾਂ ਦੱਖਣੀ ਪੰਜਾਬ ਵਿੱਚ ਜੇਠ ਦੇ ਮਹੀਨੇ ਵਿੱਚ ਨਹਿਰਾਂ ਦੀ ਬੰਦੀ ਨੇ ਐਸਾ ਭੜਥੂ ਪਾਇਆ ਕਿ ਖੇਤਾਂ ਦੀ ਪਿਆਸ ਬੁਝ ਨਹੀਂ ਸਕੀ। ਪਾਣੀ ਦੀ ਘਾਟ ਨੇ ਨਰਮੇ ਦੀ ਸ਼ੁੱਧ ਬਿਜਾਈ ਵਾਲੇ ਦਿਨਾਂ ਨੂੰ ਲੰਘਾ ਦਿੱਤਾ ਹੈ। ਸਾਉਣੀ ਦੀਆਂ ਫ਼ਸਲਾਂ ਦਾ ਪਾਣੀ ਬਿਨਾਂ ਸਾਹ ਫੁੱਲਣ ਲੱਗਿਆ ਸੀ। ਪਾਣੀ ਦੀ ਘਾਟ ਖੇਤਾਂ ਤੋਂ ਚੱਲਕੇ ਪਿੰਡਾਂ ਦੇ ਘਰਾਂ ਤੱਕ ਪੁੱਜ ਗਈ ਹੈ। ਵਾਟਰ ਵਰਕਸਾਂ ਦੇ ਟੈਂਕ ਭਰੇ ਹੀ ਨਹੀਂ ਜਾ ਸਕੇ ਸਨ। ਗਰਮੀ ਵਿੱਚ ਦੱਖਣੀ ਪੰਜਾਬ ਦਾ ਇਲਾਕਾ ਪੀਣ ਵਾਲੇ ਪਾਣੀ ਵੰਨੀਓਂ ਤਿਹਾਇਆ ਹੋ ਗਿਆ ਸੀ। ਅਨੇਕਾਂ ਪਿੰਡਾਂ ਵਿੱਚ ਘਰਾਂ ’ਚੋਂ ਘੜੇ ਚੁੱਕਕੇ ਔਰਤਾਂ ਨੇ ਮੁੱਖ ਮਾਰਗਾਂ ’ਤੇ ਜਾਮ ਵੀ ਲਾਏ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੋਟਲਾ ਬ੍ਰਾਂਚ ਵਿੱਚ ਪਾਣੀ ਪੁੱਜ ਗਿਆ ਹੈ ਅਤੇ ਤੜਕੇ ਤੱਕ ਸਾਰੀਆਂ ਨਹਿਰਾਂ, ਕੱਸੀਆਂ ਦੇ ਭਰਨ ਦੀ ਪਿੰਡਾਂ ਦੇ ਜਥੇਬੰਦਕ ਵਰਕਰਾਂ ਤੋਂ ਜਾਣਕਾਰੀ ਮਿਲੀ ਹੈ।