ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 12 ਜੂਨ
ਇੱਥੇ ਆਸ ਪਾਸ ਦੇ ਪਿੰਡਾਂ ਵਿੱਚ 1121 ਬਾਸਮਤੀ ਬੜੀ ਵੱਡੀ ਤਾਦਾਦ ਵਿੱਚ ਲਗਾਈ ਜਾਂਦੀ ਸੀ ਪਰ ਪਿਛਲੀ ਵਾਰ ਬਾਸਮਤੀ ਦਾ ਝਾੜ ਘੱਟ ਨਿਕਲਣ ਅਤੇ ਰੇਟ ਵੀ ਘੱਟ ਮਿਲਣ ਕਾਰਨ ਕਿਸਾਨਾਂ ਨੇ ਬਾਸਮਤੀ ਲਾਉਣ ਤੋਂ ਹੱਥ ਪਿੱਛੇ ਖਿੱਚ ਲਏ ਹਨ। ਇਸ ਵਾਰ ਕਿਸਾਨਾਂ ਨੇ ਪਰਮਲ ਝੋਨੇ ਨੂੰ ਪਹਿਲ ਦਿੰਦਿਆਂ ਉਸ ਦੀ ਲੁਆਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪਰਮਲ ਝੋਨੇ ਦੀ ਖ਼ਰੀਦ ਸਰਕਾਰੀ ਹੋਣ ਕਾਰਨ ਕਿਸਾਨਾਂ ਨੂੰ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਜਦੋਂ ਕਿ 1121 ਬਾਸਮਤੀ ਦੀ ਖ਼ਰੀਦ ਪ੍ਰਾਈਵੇਟ ਹੋਣ ਕਾਰਨ ਵਪਾਰੀ ਆਪਣੀ ਮਨਮਰਜ਼ੀ ਦਾ ਰੇਟ ਲਗਾ ਕੇ ਖਰੀਦਦੇ ਹਨ। ਕਿਸਾਨ ਆਗੂ ਗੁਰਚਰਨ ਸਿੰਘ ਬਰਾੜ, ਸਹਿਜਪਾਲ ਬਰਾੜ ਅਤੇ ਟਹਿਲ ਸਿੰਘ ਬਰਾੜ ਨੇ ਦੱਸਿਆ ਕਿ ਜੇਕਰ ਸਰਕਾਰ ਬਾਸਮਤੀ ਖਰੀਦਣ ਵਿੱਚ ਦਿਲਚਸਪੀ ਦਿਖਾਉਂਦੀ ਤਾਂ ਪਾਣੀ ਦੀ ਕਾਫੀ ਬੱਚਤ ਹੋ ਸਕਦੀ ਸੀ। ਪਰਮਲ ਝੋਨੇ ਦੇ ਮੁਕਾਬਲੇ ਬਾਸਮਤੀ ਘੱਟੋ-ਘੱਟ ਕਰੀਬ ਇੱਕ ਮਹੀਨਾ ਲੇਟ ਲੱਗਦੀ ਹੈ, ਜਿਸ ਨਾਲ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ ਅਤੇ ਫ਼ਸਲ ਨੂੰ ਰੇਹ-ਸਪਰੇਅ ਦੀ ਘੱਟ ਲੋੜ ਪੈਂਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਬਾਸਮਤੀ ਦੀ ਪਰਮਲ ਝੋਨੇ ਤਰ੍ਹਾਂ ਸਰਕਾਰ ਦੁਆਰਾ ਖਰੀਦ ਕੀਤੀ ਜਾਵੇ।