ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਕਤੂਬਰ
ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਲੱਗੇ ਫਲੈਕਸ ਬੋਰਡਾਂ ’ਤੇ ਕਾਲਖ ਮਲ ਦਿੱਤੀ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਗੁਲਾਬੀ ਸੁੰਡੀ, ਗੇੜਿਆਂ, ਝੱਖੜ ਤੇ ਮੀਂਹ ਨਾਲ ਝੋਨੇ ਅਤੇ ਹੋਰ ਫ਼ਸਲਾਂ ਦੀ ਹੋਈ ਤਬਾਹੀ ਦਾ ਕਿਸਾਨਾਂ-ਮਜ਼ਦੂਰਾਂ ਵਾਸਤੇ ਪੂਰਾ ਮੁਆਵਜ਼ਾ ਲੈਣ ਲਈ ਸੁੱਤੀ ਸਰਕਾਰ ਨੂੰ ਜਗਾਉਣ ਲਈ ਫਲੈਕਸਾਂ ਉੱਪਰ ਕਾਲਖ਼ ਫੇਰਨੀ ਲਗਾਤਾਰ ਜਾਰੀ ਰਹੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਜਥੇਬੰਦੀ ਦੇ ਫੈਸਲੇ ਮੁਤਾਬਕ ਸਰਕਾਰੀ ਬੱਸਾਂ ਦੇ ਪਿੱਛੇ, ਸ਼ਹਿਰ ਦੇ ਚੌਕਾਂ ਜਾਂ ਹੋਰ ਥਾਵਾਂ ’ਤੇ ਮੁੱਖ ਮੰਤਰੀ ਦੀ ਫੋਟੋ ਵਾਲੇ ਬੈਨਰ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਝੂਠੇ ਫਲੈਕਸਾਂ ਨਾਲ ਲੋਕਾਂ ਨੂੰ ਜਥੇਬੰਦੀ ਗੁਮਰਾਹ ਨਹੀਂ ਹੋਣ ਦੇਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਗੁਲਾਬੀ ਸੁੰਡੀ ਨਾਲ ਮਾਲਵਾ ਖੇਤਰ ਦੇ ਲੱਖਾਂ ਪਰਿਵਾਰਾਂ ਦਾ ਉਜੜਨ ਵਾਲਾ ਹਾਲ ਹੋਇਆ ਪਿਆ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਆਪਣੀ ਫੋਕੀ ਟੌਹਰ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਫੋਕੇ ਫਲੈਕਸ ਲਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿੱਚ ਕਿਸੇ ਵੀ ਥਾਂ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਫਲੈਕਸ ਨਹੀਂ ਲੱਗਣ ਦਿੱਤੇ ਜਾਣਗੇ।
ਇਸ ਮੌਕੇ ਕਾਕਾ ਸਿੰਘ ਭੈਣੀਬਾਘਾ, ਅੰਤਰ ਸਿੰਘ,ਗੋਰਾ ਸਿੰਘ ਭੈਣੀਬਾਘਾ ਤੇ ਟੋਨੀ ਸਿੰਘ ਵੀ ਮੌਜੂਦ ਸਨ।
ਰਾਮਾਂ ਮੰਡੀ (ਹੁਸ਼ਿਆਰ ਸਿੰਘ ਘਟੌੜਾ): ਇਸ ਇਲਾਕੇ ਵਿੱਚ ਖ਼ਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਲਈ ਮੁੱਖ ਮੰਤਰੀ ਸਮੇਤ ਕਾਂਗਰਸੀ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸੂਚਨਾ ਮਿਲੀ ਸੀ ਕਿ ਰਾਮਾਂ ਮੰਡੀ ਤੋਂ ਨਵੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਬੱਸ ਸੇਵਾਵਾਂ ਨੂੰ ਹਰੀ ਝੰਡੀ ਦੇਣ ਲਈ ਅੱਜ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਇੱਥੇ ਪੰਹੁਚ ਰਹੇ ਹਨ। ਇਸ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਿਸਾਨ ਜਟਾਣਾ ਦਾ ਵਿਰੋਧ ਕਰਨ ਲਈ ਰਾਮਾ ਮੰਡੀ ਦੇ ਬੱਸ ਅੱਡੇ ਵਿੱਚ ਪਹੁੰਚ ਗਏ। ਜਟਾਣਾ ਤਾਂ ਭਾਵੇਂ ਇੱਥੇ ਨਹੀਂ ਪੁੱਜੇ ਪਰ ਕਿਸਾਨਾਂ ਨੇ ਰੋਸ ਵਜੋਂ ਬੱਸਾਂ ਦੇ ਪਿੱਛੇ ਲੱਗੇ ਮੁੱਖ ਮੰਤਰੀ ਦੀ ਤਸਵੀਰ ਵਾਲੇ ਪੋਸਟਰਾਂ ’ਤੇ ਕਾਲਖ ਪੋਤ ਦਿੱਤੀ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਨਰਮੇ ਦੀ ਫਸਲ ਦਾ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਪੰਜਾਬ ਸਰਕਾਰ ਦਾ ਵਿਰੋਧ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਹਰਚਰਨ ਸਿੰਘ ਕਮਾਲੂ, ਕੁਲਵਿੰਦਰ ਸਿੰਘ ਗਿਆਨਾ, ਸੇਵਕ ਸਿੰਘ ਮਾਹੀਨੰਗਲ, ਬੱਗਾ ਸਿੰਘ ਲਾਲੇਆਣਾ ਅਤੇ ਜਸਵੀਰ ਸਿੰਘ ਤਲਵੰਡੀ ਸਾਬੋ ਹਾਜ਼ਰ ਸਨ।