ਲਖਵੀਰ ਸਿੰਘ ਚੀਮਾ
ਟੱਲੇਵਾਲ, 6 ਨਵੰਬਰ
ਝੋਨੇ ਦੀ ਸਿੱਧੀ ਬਿਜਾਈ ਦੇ ਝਾੜ ਨੇ ਕਿਸਾਨਾਂ ਨੂੰ ਬਾਗੋ-ਬਾਗ ਕਰ ਦਿੱਤਾ ਹੈ। ਪਿਛਲੇ ਵਰ੍ਹੇ ਦੇ ਮੁਕਾਬਲੇ ਐਤਕੀਂ ਸਿੱਧੀ ਬਿਜਾਈ ਵਾਲੇ ਝੋਨੇ ਦਾ ਰਿਕਾਰਡ ਝਾੜ ਰਿਹਾ ਹੈ। ਇਸ ਵਾਰ ਕਰੋਨਾਵਾਇਰਸ ਦੀ ਤਾਲਾਬੰਦੀ ਕਾਰਨ ਪਰਵਾਸੀ ਮਜ਼ਦੂਰ ਝੋਨਾ ਲਾਉਣ ਮੌਕੇ ਪੰਜਾਬ ਨਹੀਂ ਆ ਸਕੇ, ਜਿਸ ਕਾਰਨ ਬਹੁ-ਗਿਣਤੀ ਕਿਸਾਨਾਂ ਨੇ ਐਤਕੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ, ਜੋ ਸਫ਼ਲ ਰਹੀ ਹੈ। ਪਿਛਲੇ ਵਰ੍ਹੇ ਪ੍ਰਤੀ ਏਕੜ ਸਿੱਧੀ ਬਿਜਾਈ ਦਾ ਝਾੜ ਔਸਤਨ 28 ਤੋਂ 30 ਕੁਇੰਟਲ ਰਿਹਾ ਸੀ, ਜੋ ਇਸ ਵਾਰ ਵਧ ਕੇ 35 ਤੋਂ 36 ਕੁਇੰਟਲ ਪ੍ਰਤੀ ਏਕੜ ’ਤੇ ਪੁੱਜ ਗਿਆ ਹੈ। ਪਿਛਲੇ ਵਰ੍ਹੇ ਕੱਦੂ ਵਾਲੇ ਝੋਨੇ ਦਾ ਝਾੜ ਔਸਤਨ 32-33 ਕੁਇੰਟਲ ਰਿਹਾ ਸੀ, ਜੋ ਇਸ ਵਾਰ ਔਸਤਨ 35-36 ਕੁਇੰਟਲ ਰਿਹਾ ਹੈ। ਕੱਦੂ ਵਾਲੇ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਲਗਪਗ ਬਰਾਬਰ ਰਿਹਾ ਹੈ।
ਕਿਸਾਨ ਜਗਦੀਪ ਸਿੰਘ, ਜਗਸੀਰ ਸਿੰਘ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਇਸ ਵਾਰ ਝਾੜ ਵੱਧ ਹੋਣ ਕਾਰਨ ਚੰਗਾ ਮੁਨਾਫ਼ਾ ਹੋਇਆ ਹੈ। ਕੱਦੂ ਵਾਲੇ ਝੋਨੇ ’ਤੇ ਪ੍ਰਤੀ ਏਕੜ ਲਗਪਗ 6 ਤੋਂ 7 ਹਜ਼ਾਰ ਖ਼ਰਚ ਆਉਂਦਾ ਹੈ ਜਦਕਿ ਸਿੱਧੀ ਬਿਜਾਈ ਰਾਹੀਂ ਸਿਰਫ਼ 1000 ਤੋਂ 1700 ਰੁਪਏ ਪ੍ਰਤੀ ਏਕੜ ਖ਼ਰਚ ਆਇਆ ਹੈ। ਇਸ ਤੋਂ ਇਲਾਵਾ ਪਾਣੀ ਦੀ ਵੀ 25 ਤੋਂ 30 ਫ਼ੀਸਦੀ ਬੱਚਤ ਹੋਈ ਹੈ।
ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਪੰਜਾਬ ਅਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ 20 ਹਜ਼ਾਰ ਤੋਂ ਵਧੇਰੇ ਰਕਬੇ ਵਿੱਚ ਸਿੱਧੀ ਬਿਜਾਈ ਵਾਲਾ ਝੋਨਾ ਲਾਇਆ ਗਿਆ ਸੀ। ਇਸ ਝੋਨੇ ਦਾ ਔਸਤਨ 35 ਕੁਇੰਟਲ ਪ੍ਰਤੀ ਏਕੜ ਝਾੜ ਰਿਹਾ ਹੈ ਅਤੇ ਪਾਣੀ ਦੀ ਵੀ ਵੱਡੇ ਪੱਧਰ ’ਤੇ ਬੱਚਤ ਹੋਈ ਹੈ।