ਪਰਮਜੀਤ ਸਿੰਘ
ਫਾਜ਼ਿਲਕਾ, 27 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਵੱਲੋਂ ਮੰਡੀ ਲਾਧੂਕਾ ਦੀ ਅਨਾਜ ਮੰਡੀ ’ਚ 1121 ਬਾਸਮਤੀ ਝੋਨੇ ਦਾ ਭਾਅ ਦੂਜੀਆਂ ਮੰਡੀਆਂ ਦੇ ਬਰਾਬਰ ਨਾ ਮਿਲਣ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਦੇ ਨਾਂ ਮੰਗ ਪੱਤਰ ਤਹਿਸੀਲਦਾਰ ਫ਼ਾਜ਼ਿਲਕਾ ਨੂੰ ਸੌਂਪਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਝੋਨੇ ਦਾ ਸੀਜਨ ਪਿਛਲੇ ਦਿਨਾਂ ਤੋਂ ਸ਼ੁਰੂ ਹੋ ਗਿਆ ਹੈ। ਇਲਾਕੇ ’ਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਬਾਸਮਤੀ 1121 ਦੀ ਬਿਜਾਈ ਕੀਤੀ ਹੋਈ ਹੈ। ਇਸ ’ਚ ਕਿਸਾਨਾਂ ਦੀ ਵੱਡੀ ਲੁੱਟ ਹੋ ਰਹੀ ਹੈ। ਪ੍ਰਾਈਵੇਟ ਵਪਾਰੀ ਮੰਡੀ ਲਾਧੂਕਾ ਦੀ ਅਨਾਜ ਮੰਡੀ ’ਚ ਦੂਜੀਆਂ ਮੰਡੀਆਂ ਨਾਲੋਂ 200 ਰੁਪਏ ਕੁਇੰਟਲ ਘੱਟ ਭਾਅ ’ਤੇ ਖ਼ਰੀਦ ਕਰ ਰਹੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ ਅਤੇ ਦੂਜੀਆਂ ਮੰਡੀਆਂ ਦੇ ਬਰਾਬਰ ਭਾਅ ਤੈਅ ਕੀਤਾ ਜਾਵੇ।
ਇਸ ਮੌਕੇ ਬਿਹਾਰੀ ਲਾਲ ਨੰਬਰਦਾਰ ਲਾਧੂਕਾ, ਜੰਗੀਰ ਲਾਲ, ਲਾਲ ਚੰਦ, ਸੰਨੀ ਕੁਮਾਰ ਪ੍ਰੈਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਹੋਰ ਕਿਸਾਨ ਹਾਜ਼ਰ ਸਨ।