ਪੱਤਰ ਪ੍ਰੇਰਕ
ਮਾਨਸਾ, 30 ਜੂਨ
ਮਾਲਵਾ ਪੱਟੀ ਵਿੱਚ ਬੀ.ਟੀ. ਕਾਟਨ ਉਤੇ ਚਿੱਟੀ ਮੱਖੀ ਦੇ ਹਮਲੇ ਤੋਂ ਕਿਸਾਨਾਂ ਵਿਚ ਘਬਰਾਹਟ ਆਰੰਭ ਹੋ ਗਈ ਹੈ। ਘਬਰਾਏ ਹੋਏ ਕਿਸਾਨਾਂ ਨੂੰ ਸਹੀ ਸੇਧ ਦੇਣ ਲਈ ਅਜੇ ਤੱਕ ਖੇਤੀ ਵਿਭਾਗ ਦੇ ਅਧਿਕਾਰੀ ਖੇਤਾਂ ਵਿੱਚ ਨਹੀਂ ਗਏ ਹਨ, ਜਿਸ ਕਾਰਨ ਕਿਸਾਨਾਂ ਵੱਲੋਂ ਆਪਣੀ ਫ਼ਸਲ ਦੇ ਬਚਾਅ ਲਈ ਸਪਰੇਆਂ ਦਾ ਸਹਾਰਾ ਲਿਆ ਜਾਣ ਲੱਗਾ ਹੈ। ਉਂਝ ਖੇਤੀ ਮਹਿਕਮੇ ਨੇ ਇਸ ਹਮਲੇ ਨੂੰ ਈ.ਟੀ.ਐੱਲ ਲੈਵਲ ਤੋਂ ਥੱਲੇ ਦੱਸਿਆ ਹੈ, ਜਦੋਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਵਿਭਾਗ ਦੇ ਅਧਿਕਾਰੀਆਂ ਦੀ ਸੁਸਤੀ ਕਾਰਨ ਕਈ ਸਾਲ ਪਹਿਲਾਂ (2015) ਚਿੱਟੀ ਮੱਖੀ ਨੇ ਨਰਮੇ ਦੇ ਖੇਤਾਂ ਨੂੰ ਤਬਾਹ ਕਰ ਦਿੱਤਾ ਸੀ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਖੇਤਾਂ ਦਾ ਦੌਰਾ ਕਰਨ ਪਿੱਛੋਂ ਦੱਸਿਆ ਕਿ ਚਿੱਟੀ ਮੱਖੀ ਦਾ ਭਾਵੇਂ ਕਿਤੇ-ਕਿਤੇ ਹਮਲਾ ਹੋ ਗਿਆ ਹੈ, ਪਰ ਇਹ ਫਿਲਹਾਲ ਕੰਟਰੋਲ ਹੇਠ ਹੈ, ਇਸ ਤੋਂ ਕਿਸਾਨਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪਾਹ ਮਾਹਿਰਾਂ ਨੇ ਨਰਮੇ ਉਤੇ ਕਿਸੇ ਵੀ ਕਿਸਮ ਦੇ ਰੋਗ ਤੋਂ ਬਚਾਅ ਲਈ ਕੋਈ ਦਵਾਈ ਛਿੜਕਣ ਦੀ ਸਿਫਾਰਸ਼ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਮੀਂਹ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨਾਲ ਚਿੱਟੀ ਮੱਖੀ ਅਤੇ ਹਰਾ ਤੇਲਾ ਆਪਣੇ-ਆਪ ਖ਼ਤਮ ਹੋ ਜਾਂਦੇ ਹਨ।
ਇਸੇ ਦੌਰਾਨ ਹੀ ਖੇਤੀਬਾੜੀ ਵਿਭਾਗ ਨੇ ਨਰਮੇ ਉਪਰ ਹਰੇ ਤੇਲੇ ਅਤੇ ਚਿੱਟੀ ਮੱਖੀ ਦੀ ਹਮਲੇ ਸਬੰਧੀ ਇੱਕ ਮੀਟਿੰਗ ਕਰਕੇ ਜ਼ਿਲ੍ਹੇ ਵਿਚਲੇ ਬਲਾਕ ਅਧਿਕਾਰੀਆਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਹੈ ਅਤੇ ਇਸ ਮੀਟਿੰਗ ਸਬੰਧੀ ਹੀ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਜਾਣੂ ਕਰਵਾਇਆ ਗਿਆ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਜ਼ਿਲ੍ਹੇ ਦੇ ਕਾਫ਼ੀ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ, ਪਰ ਇਸ ਵਾਰ ਅਗੇਤੇ ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਰਮੇ ਦਾ ਚੰਗਾ ਭਾਅ ਮਿਲਣ ਕਾਰਨ ਕਿਸਾਨਾਂ ਤੇ ਪਾਣੀ ਡੂੰਘਾ ਜਾਣ ਕਾਰਨ ਝੋਨੇ ਦੇ ਬਦਲ ਵਜੋਂ ਇਸ ਵਾਰ ਨਰਮੇ ਨੂੰ ਤਰਜ਼ੀਹ ਦਿੱਤੀ ਗਈ, ਪਰ ਚਿੱਟੀ ਮੱਖੀ ਨੇ ਕਿਸਾਨਾਂ ਫ਼ਿਕਰਾਂ ਵਿਚ ਪਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਬਕਾਲ ਸਿੰਘ ਫਫੜੇ ਭਾਈਕੇ ਨੇ ਦੱਸਿਆ ਕਿ ਪਿੰਡ ਰੱਲਾ, ਅਕਲੀਆ, ਅਤਲਾ, ਭੈਣੀਬਾਘਾ, ਬੱਪੀਆਣਾ, ਕੋਟੜਾ, ਮੱਤੀ, ਮੌਜੋ ਸਮੇਤ ਉਸ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਚਿੱਟੀ ਮੱਖੀ ਦੇ ਹਮਲਿਆਂ ਵਾਲੇ ਮਾਮਲੇ ਜਥੇਬੰਦੀਆਂ ਕੋਲ ਪੁੱਜੇ ਹਨ।
ਮਹਿਕਮੇ ਨੇ ਖੇਤੀ ਮਾਹਿਰਾਂ ਦੀਆਂ 24 ਟੀਮਾਂ ਦਾ ਗਠਨ ਕੀਤਾ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ਖੇਤਰ ਵਿੱਚ ਨਰਮੇ ਦੀ ਫਸਲ ਉਪਰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਦੇ ਮਾਮਲਿਆਂ ਕਾਰਨ ਕਿਸਾਨਾਂ ’ਚ ਭਾਰੀ ਚਿੰਤਾ ਹੈ ਅਤੇ ਇਸਦੇ ਨਾਲ ਹੀ ਖੇਤੀ ਮਾਹਿਰਾਂ ਵੱਲੋਂ ਵੀ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਤੇ ਹੋਰ ਬਚਾਅ ਦੇ ਢੰਗਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫ਼ਸਲ ਉਪਰ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੇ ਸਰਵੇਖਣ ਲਈ 28 ‘ਪੈਸਟ ਸਰਵੇਲੈਂਸ ਟੀਮਾਂ’ ਦਾ ਗਠਨ ਕੀਤਾ ਗਿਆ ਜਿਨ੍ਹਾਂ ਵੱਲੋਂ 97 ਖੇਤਾਂ ਦਾ ਸਰਵੇਖਣ ਕੀਤਾ ਗਿਆ, ਸਰਵੇਖਣ ਦੌਰਾਨ 10 ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਵਧ ਪਾਇਆ ਗਿਆ। ਇਸੇ ਤਰ੍ਹਾਂ ਦੇਖੇ ਗਏ ਕੁੱਲ ਖੇਤਾਂ ਵਿੱਚੋਂ 1 ਖੇਤ ਵਿੱਚ 1 ਗੁਲਾਬੀ ਸੁੰਡੀ ਦਾ ਲਾਰਵਾ ਵੀ ਦੇਖਿਆ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਨਰਮੇ ਦੀ ਫ਼ਸਲ ਉਪਰ ਚਿੱਟੀ ਮੱਖੀ ਦਾ ਹਮਲਾ ਹੋ ਜਾਵੇ ਤਾਂ ਸਪਰੇਅ ਦੀ ਜ਼ਰੂਰਤ ਹੈ| ਇਸੇ ਤਰ੍ਹਾਂ ਹੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵੀ ਖੇਤਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਜੇ ਲੋੜ ਹੋਵੇ ਤਾਂ ਕੀੜੇਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇ| ਉਨ੍ਹਾਂ ਦੱਸਿਆ ਕਿ ਇਸ ਸਮੇਂ ਨਰਮੇ ਦੀ ਫ਼ਸਲ ਨੂੰ ਸੋਕਾ ਨਾ ਲੱਗਣ ਦਿੱਤਾ ਜਾਵੇ ਕਿਉਂਕਿ ਔੜ ’ਚ ਚਿੱਟੀ ਮੱਖੀ ਤੇ ਭੂਰੀ ਜੂੰ ਦਾ ਹਮਲਾ ਵਧ ਜਾਂਦਾ ਹੈ| ਨਰਮੇ ਦੀ ਫ਼ਸਲ ਨੂੰ ਸੋਕੇ ਜਾਂ ਲੰਮੀ ਔੜ ਤੋਂ ਬਾਅਦ ਪਾਣੀ ਲਾਇਆ ਜਾਂਦਾ ਹੈ ਜਾਂ ਭਾਰੀ ਬਾਰਿਸ਼ ਹੋ ਜਾਂਦੀ ਹੈ ਤਾਂ ਪੱਤੇ ਅਚਾਨਕ ਮੁਰਝਾ ਜਾਂਦੇ ਹਨ। ਇਹ ਪੈਰਾਵਿਲਟ ਬਿਮਾਰੀ ਦੀਆਂ ਨਿਸ਼ਾਨੀਆਂ ਹਨ| ਇਸ ਦੀ ਰੋਕਥਾਮ ਲਈ ਕੋਬਾਲਟ ਕਲੋਰਾਈਡ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਪਾਸੋਂ ਪ੍ਰਾਪਤ ਕੀਤਾ ਜਾ ਸਕਦਾ ਹੈ| ਕਿਸੇ ਕਿਸਮ ਦੀ ਮੁਸ਼ਕਿਲ ਜਾਂ ਹੋਰ ਜਾਣਕਾਰੀ ਲਈ ਜਗਸੀਰ ਸਿੰਘ 94179-78084 ਬਲਾਕ ਖੇਤੀਬਾੜੀ ਅਫ਼ਸਰ, ਪਰਮਿੰਦਰ ਸਿੰਘ ਧੰਜੂ 98780-20311, ਭੁਪਿੰਦਰ ਕੁਮਾਰ 94174-24701 ਤੇ ਅਮਰ ਸਿੰਘ 98721-27100 ਨਾਲ ਸੰਪਰਕ ਕੀਤਾ ਜਾ ਸਕਦਾ ਹੈ|