ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 26 ਸਤੰਬਰ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ 31 ਜਥੇਬੰਦੀਆਂ ਦੇ ਸੱਦੇ ’ਤੇ ਕੌਮੀ ਮਾਰਗ 54 ਜਾਮ ਕਰ ਕੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਆਖਿਆ ਕਿ ਬੰਦ ਨੂੰ ਕਿਸਾਨਾਂ ਤੇ ਆਮ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ। ਲੋਕਾਂ ਦਾ ਇਹ ਵਿਸ਼ਾਲ ਏਕਾ ਕੇਂਦਰ ਸਰਕਾਰ ਨੂੰ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗਾ। ਆਗੂਆਂ ਨੇ ਆਖਿਆ ਕਿ ਭਾਜਪਾ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਬਾਈਕਾਟ ਕੀਤਾ ਜਾਵੇਗਾ। ਸਾਂਝੇ ਤੌਰ ’ਤੇ ਜਿਥੇ ਹੋਰ ਵੱਡੇ ਇਕੱਠ ਕੀਤੇ ਗਏ, ਉਥੇ ਮਿਸ਼ਰੀ ਵਾਲਾ ਵਿੱਚ ਜਗਰਾਜ ਸਿੰਘ ਤੇ ਲੋਕ ਮੋਰਚੇ ਦੇ ਆਗੂ ਪਰਮਜੀਤ ਸਿੰਘ ਜ਼ੀਰਾ, ਕੁਲਗੜੀ ਵਿੱਚ ਗੁਰਪ੍ਰੀਤ ਸਿੰਘ ਤੇ ਦਲਵਿੰਦਰ ਸਿੰਘ ਸ਼ੇਰਖਾਂ, ਮੱਲਾਂਵਾਲਾ ਵਿੱਚ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫੇਰੋਕੇ ਤੇ ਰਣਜੀਤ ਸਿੰਘ, ਮਖੂ ਵਿੱਚ ਜ਼ਿਲ੍ਹਾ ਸਕੱਤਰ ਸੁਖਬੀਰ ਸਿੰਘ ਬੱਲ ਤੇ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਵੀ ਰੋਡ ਜਾਮ ਕੀਤੇ ਗਏ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ ’ਚ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ ਕੁੱਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੜਕ ਜਾਮ ਕਰ ਕੇ ਕਚਿਹਰੀਆਂ ਮੂਹਰੇ ਰੋਸ ਧਰਨਾ ਲਗਾਇਆ ਗਿਆ।
ਰਾਮਪੁਰਾ ਫੂਲ (ਗੁਰਜੀਤ ਭੁੱਲਰ): ਖੇਤੀ ਬਿੱਲਾਂ ਦੇ ਵਿਰੋਧ ’ਚ ਰਾਮਪੁਰਾ ਵਿੱਚ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ’ਤੇ ਸਥਿਤ ਮੋੜ ਚੌਕ ਅਤੇ ਰੇਲਵੇ ਲਾਈਨ ਅੰਦਰਲੇ ਫਾਟਕਾਂ ’ਤੇ ਲੱਗੇ ਧਰਨੇ ਵਿਚ ਕਿਸਾਨਾਂ ਨੌਜਵਾਨਾਂ ਅਤੇ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ।
ਬੁਢਲਾਡਾ (ਐੱਨਪੀ ਸਿੰਘ): ਖੇਤੀ ਬਿੱਲਾਂ ਦੇ ਵਿਰੋਧ ’ਚ ਅੱਜ ਵੱਖ ਵੱਖ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਆਈਟੀਆਈ ਚੌਕ ਅਤੇ ਗੁਰੂ ਨਾਨਕ ਕਾਲਜ ਚੌਕ ’ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਦੇ ਖੇਤੀ ਆਡੀਨੈਂਸਾਂ ਖ਼ਿਲਾਫ਼ ਭੜਾਸ ਕੱਢੀ ਗਈ। ਕਾਮਰੇਡ ਹਰਦੇਵ ਅਰਸੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਹਰ ਜ਼ਮੀਨ ਜਾਇਦਾਦ ਆਪਣੇ ਵੱਡੇ ਕਾਰੋਬਾਰੀ ਮਿੱਤਰਾਂ ਨੂੰ ਵੇਚਣਾ ਚਾਹੁੰਦੀ ਹੈ ਪਰ ਇਹ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।
ਬਿਜਲੀ ਮੁਲਾਜ਼ਮਾਂ ਵੱਲੋਂ ਖੇਤੀ ਬਿੱਲਾਂ ਵਿਰੁੱਧ ਰੈਲੀ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਬਿਜਲੀ ਘਰ ਮਲੂਕਾ ਵਿੱਚ ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਸਾਂਝੇ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਖਿਲਾਫ਼ ਗੇਟ ਰੈਲੀ ਕਰ ਕੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਥਨ ਦਿੱਤਾ। ਇਸ ਮੌਕੇ ਸਾਂਝੇ ਫੋਰਮ ਦੇ ਸਮੂਹ ਮੁਲਾਜ਼ਮਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।