ਬਲਜੀਤ ਸਿੰਘ
ਸਰਦੂਲਗੜ੍ਹ 14 ਸਤੰਬਰ
ਮਾਲਵਾ ਇਲਾਕੇ ਵਿੱਚ ਲੱਖਾਂ ਰੁਪਏ ਖਰਚ ਕੇ ਬਣਾਏ ਝੀਂਗਾ ਮੱਛੀ ਫਾਰਮ ਵੱਡੇ ਘਾਟੇ ਕਾਰਨ ਬੰਦ ਕਰ ਦਿੱਤੇ ਗਏ ਹਨ। ਹਲਕਾ ਸਰਦੂਲਗੜ੍ਹ ਦੇ ਪਿੰਡ ਬੀਰੇਵਾਲਾ ਜੱਟਾਂ ਵਿੱਚ ਲੰਬੇ ਸਮੇਂ ਤੋਂ ਝੀਂਗਾ ਮੱਛੀ ਫਾਰਮ ਦਾ ਕੰਮ ਕਰਦੇ ਜਗਰਾਜ ਸਿੰਘ, ਜਸਵੀਰ ਸਿੰਘ, ਜੀਵਨ ਸਿੰਘ ਅਤੇ ਲਛਮਣ ਸਿੰਘ ਨੇ ਦੱਸਿਆ ਕਿ ਇਹ ਗਲਤਫਹਿਮੀ ਹੈ ਕਿ ਝੀਂਗਾ ਫਾਰਮ ਸਾਲਾਨਾ ਲੱਖਾਂ ਰੁਪਏ ਮੁਨਾਫ਼ਾ ਦਿੰਦਾ ਹੈ। ਬਹੁਤੇ ਕਿਸਾਨਾਂ ਨੇ ਘਾਟੇ ਪੈਣ ਤੋਂ ਬਾਅਦ ਫਾਰਮ ਬੰਦ ਕਰ ਦਿੱਤੇ ਹਨ। ਇਸ ਕੰਮ ’ਚ ਮੁਨਾਫੇ ਨਾਲੋਂ ਜੋਖਮ ਜ਼ਿਆਦਾ ਹੈ। ਫਾਰਮ ਤਿਆਰ ਕਰਨ ਲਈ ਸਾਜ਼ੋ-ਸਾਮਾਨ, ਨਰਸਰੀ ਅਤੇ ਫੀਡ ਆਦਿ ’ਚ ਹੋਏ 35 ਤੋਂ 50 ਫੀਸਦੀ ਵਾਧੇ ਅਤੇ ਬਿਜਲੀ ਦੇ ਵਧੇ ਖਰਚੇ ਕਾਰਨ ਝੀਂਗਾਂ ਫਾਰਮਾਂ ’ਚ ਪਹਿਲਾਂ ਜਿੰਨਾਂ ਲਾਭ ਨਹੀਂ ਰਿਹਾ ਉਲਟਾ ਝੀਂਗੇ ਦੇ ਰੇਟ ਘਟੇ ਹਨ। ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡਾਂ ’ਚ ਕਈ ਫਾਰਮ ਬੰਦ ਹੋ ਗਏ ਹਨ।
ਪਿੰਡ ਬੀਰੇਵਾਲਾ ਜੱਟਾਂ ਦੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੰਜ ਏਕੜ ਵਿੱਚ ਝੀਂਗਾ ਫਾਰਮ ਬਣਾਇਆ ਸੀ। ਪਹਿਲੇ ਦੋ ਸਾਲ ਤਾਂ ਉਨ੍ਹਾਂ ਨੂੰ ਵਧੀਆ ਮੁਨਾਫ਼ਾ ਰਿਹਾ ਪਰ ਬਾਅਦ ਵਿੱਚ ਘਾਟੇ ਦਾ ਸੌਦਾ ਬਣ ਕੇ ਰਹਿ ਗਿਆ। ਉਨ੍ਹਾਂ ਨੇ ਆਪਣਾ ਝੀਂਗਾ ਫਾਰਮ ਕਿਸੇ ਨੂੰ ਠੇਕੇ ’ਤੇ ਦਿੱਤਾ ਸੀ ਜਿਸ ਨੂੰ ਵੀ ਵੱਡਾ ਘਾਟਾ ਸਹਿਣਾ ਪਿਆ। ਇਸ ਕਾਰਨ ਫਾਰਮ ਬੰਦ ਕਰਨਾ ਪਿਆ। ਇਸੇ ਤਰ੍ਹਾਂ ਪਿੰਡ ਕੋਟੜਾ ਦੇ ਹੈਪੀ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪੰਜ ਏਕੜ ਵਿੱਚ ਝੀਂਗਾ ਫਾਰਮ ਬਣਾਇਆ ਹੈ। ਝੀਂਗਾ ਫਾਰਮ ਦੋ ਸਾਲ ਮੁਨਾਫਾ ਦਿੰਦਾ ਹੈ ਉਸ ਤੋਂ ਬਾਅਦ ਜ਼ਮੀਨ ਵਿੱਚ ਵਾਇਰਸ ਆ ਜਾਣ ਕਾਰਨ ਪੈਦਾਵਾਰ ਘਟ ਜਾਂਦੀ ਹੈ ਕਈ ਵਾਰ ਸਾਰੇ ਜੀਵ ਹੀ ਖ਼ਤਮ ਹੋ ਜਾਂਦੇ ਹਨ। ਇਸ ਕਾਰਨ ਫਾਰਮ ਮਾਲਕ ਨੂੰ ਆਰਥਿਕ ਘਾਟਾ ਪੈਂਦਾ ਹੈ।
ਝੀਗਾਂ ਫਾਰਮਾਂ ਲਈ ਵਿਸ਼ੇਸ਼ ਨੀਤੀ ਮੰਗੀ
ਫਾਰਮ ਮਾਲਕਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਝੀਗਾਂ ਫਾਰਮਾਂ ਲਈ ਵਿਸ਼ੇਸ਼ ਨੀਤੀ ਲਾਗੂ ਕਰੇ ਤਾਂ ਕਿ ਉਨ੍ਹਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ। ਖੇਤੀ ਮੋਟਰ ਕੁਨੈਕਸ਼ਨ ਤਹਿਤ ਝੀਂਗਾ ਫਾਰਮਾਂ ਨੂੰ ਵੀ ਬਿਜਲੀ ਅਤੇ ਫੀਡ ਆਦਿ ’ਤੇ ਰਿਆਇਤ ਦਿੱਤੀ ਜਾਵੇ। ਉਨ੍ਹਾਂ ਨਵੇਂ ਝੀਂਗਾਂ ਫਾਰਮ ਲਗਾਉਣ ਵਾਲੇ ਨੌਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਪੂਰੀ ਜਾਣਕਾਰੀ ਹਾਸਲ ਕਰਨ ਅਤੇ ਪਹਿਲਾਂ ਤੋਂ ਚੱਲ ਰਹੇ ਝੀਂਗਾ ਫਾਰਮ ’ਚ ਜਾ ਕੇ ਆਮਦਨ ਅਤੇ ਲਾਗਤ ਬਾਰੇ ਪਤਾ ਕਰਨ। ਪਿੰਡ ਰਾਏਪੁਰ ਵਿੱਚ ਤਿੰਨ ਏਕੜ ਵਿੱਚ ਝੀਂਗਾ ਫਾਰਮ ਚਲਾ ਰਹੇ ਜੱਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਚਾਲੀ ਲੱਖ ਰੁਪਏ ਖਰਚ ਕੇ ਫਾਰਮ ਲਗਾਇਆ ਹੈ। ਉਹ 20 ਲੱਖ ਰੁਪਏ ਘਾਟੇ ਵਿੱਚ ਚੱਲ ਰਿਹਾ ਹੈ ਕਿਉਂਕਿ ਦੋ ਤਲਾਬਾਂ ਵਿਚ ਪਾਇਆ ਸਾਰਾ ਝੀਂਗਾ ਮਰ ਗਿਆ।