ਪੱਤਰ ਪ੍ਰੇਰਕ
ਨਥਾਣਾ, 9 ਨਵੰਬਰ
ਇਸ ਇਲਾਕੇ ਦੇ ਖਰੀਦ ਕੇਦਰਾਂ ਵਿੱਚ ਵੱਖ ਵੱਖ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੇ ਝੋਨੇ ਦੀ ਢੋਆ ਢੁਆਈ ਨਾ ਹੋਣ ਕਾਰਨ ਕਿਸਾਨਾਂ ਨੂੰ ਖਰੀਦ ਕੇਦਰਾਂ ਵਿੱਚ ਝੋਨਾ ਢੇਰੀ ਕਰਨ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਇਸੇ ਕਾਰਨ ਪੇਂਡੂ ਖਰੀਦ ਕੇਦਰਾਂ ਦੇ ਬਾਹਰ ਗਲੀਆਂ ਅਤੇ ਆਮ ਰਸਤਿਆਂ ’ਤੇ ਝੋਨੇ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਹਨ। ਖਰੀਦ ਹੋ ਚੁੱਕੇ ਝੋਨੇ ਦੇ ਥੈਲਿਆਂ ਦੀ ਢੁਆਈ ਨਹੀਂ ਹੋ ਰਹੀ। ਨਥਾਣਾ ਦੇ ਗੁਰਦੁਆਰੇ ਨੇੜੇ ਵੱਡੇ ਚੌਕ ਵਿੱਚ, ਗਊਸ਼ਾਲਾ ਨਾਲ ਲੱਗਦੇ ਖੁੱਲ੍ਹੇ ਰਸਤੇ ਅਤੇ ਹੋਰ ਕਈ ਰਾਹਾਂ ਉੱਤੇ ਝੋਨੇ ਦੇ ਢੇਰ ਲੱਗੇ ਹਨ। ਜ਼ਿਕਰਯੋਗ ਹੈ ਕਿ ਏਜੰਸੀਆਂ ਦੇ ਅਧਿਕਾਰੀ ਇਨ੍ਹਾਂ ਗਲੀਆਂ, ਮੁਹੱਲਿਆਂ ਵਿੱਚ ਹੀ ਜਿਣਸ ਦੀ ਖਰੀਦ ਕਰ ਰਹੇ ਹਨ। ਇਸ ਉਪਰੰਤ ਆੜ੍ਹਤੀਆਂ ਵੱਲੋ ਤੁਲਾਈ ਕਰਵਾ ਕੇ ਥੈਲੇ ਭਰੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਠੇਕੇਦਾਰ ਵੱਲੋਂ ਟਰੱਕ ਘੱਟ ਮਿਲਣ ਦਾ ਬਹਾਨਾ ਲਾ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ। ਹਰ ਸਾਲ ਹੀ ਕਣਕ ਅਤੇ ਝੋਨੇ ਦੇ ਸੀਜ਼ਨ ਮੌਕੇ ਢੋਆ ਢੁਆਈ ਦੀ ਰੁਕਾਵਟ ਆਉਂਦੀ ਹੈ ਪਰ ਖਰੀਦ ਏਜੰਸੀਆ ਦੇ ਅਧਿਕਾਰੀ ਪ੍ਰਸ਼ਾਸਨ ਜਾਂ ਸਰਕਾਰ ਇਸ ਸਮੱਸਿਆ ਤੋਂ ਸਬਕ ਲੈ ਕੇ ਕੋਈ ਸਥਾਈ ਹਲ ਨਹੀਂ ਕੱਢਦੀ। ਇਨ੍ਹੀਂ ਦਿਨੀਂ ਮੌਸਮ ਦੀ ਖਰਾਬੀ ਅਤੇ ਕਣਕ ਦੀ ਬਿਜਾਈ ਲਈ ਜ਼ਮੀਨ ਦੀ ਤਿਆਰੀ ਕਿਸਾਨਾਂ ਨੂੰ ਵਧੇਰੇ ਚਿੰਤਾ ਵਿੱਚ ਡੋਬ ਰਹੀ ਹੈ। ਝੋਨਾ ਉਤਪਾਦਕਾਂ ਨੇ ਢੋਆ ਢੁਆਈ ਦੀ ਸਮੱਸਿਆ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ।