ਪੱਤਰ ਪ੍ਰੇਰਕ
ਭਾਈਰੂਪਾ, 5 ਜਨਵਰੀ
ਦਿਆਲਪੁਰਾ ਬੀੜ ’ਚ ਆਵਾਰਾ ਪਸ਼ੂਆਂ ਦੀ ਵਧ ਰਹੀ ਤਾਦਾਦ ਨੇ ਕਿਸਾਨਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਕਿਸਾਨ ਆਪਣੀਆਂ ਫਸਲਾਂ ਨੂੰ ਇਨ੍ਹਾਂ ਪਸ਼ੂਆਂ ਤੋਂ ਬਚਾਉਣ ਲਈ ਦਿਨ-ਰਾਤ ਖੇਤਾਂ ਵਿੱਚ ਬੈਠ ਕਿ ਰਾਖੀ ਕਰਨ ਲਈ ਮਜਬੂਰ ਹਨ, ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਪਸ਼ੂਆਂ ਦੇ ਵੱਗ ਰਾਤ ਦੇ ਹਨੇਰੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਹਨ। ਦਿਆਲਪੁਰਾ ਭਾਈਕਾ ਦੇ ਕਿਸਾਨ ਬਾਜ਼ੀ ਭੁੱਲਰ ਨੇ ਦੱਸਿਆ ਕਿ ਬੀੜ ਆਵਾਰਾ ਪਸ਼ੂਆਂ ਦੀ ਠਹਿਰ ਬਣ ਚੁੱਕਾ ਹੈ, ਜਿਸ ਤੋਂ ਨੇੜਲੇ ਪਿੰਡਾਂ ਦੇ ਕਿਸਾਨ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ, ਕਿਉਂਕਿ ਬੀੜ ਵਿੱਚ ਫਿਰਦੇ ਆਵਾਰਾ ਪਸ਼ੂਆਂ ਦੇ ਵੱਗ ਕਿਸਾਨਾਂ ਦੇ ਖੇਤਾਂ ਵਿੱਚ ਬਹੁਤ ਉਜਾੜਾ ਕਰਦੇ ਹਨ। ਬੀਕੇਯੂ ਏਕਤਾ ਡਕੌਂਦਾ ਦੇ ਆਗੂ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਦੂਰੋਂ-ਨੇੜਿਓਂ ਪਿੰਡਾਂ ਦੇ ਕਿਸਾਨ ਆਪਣੇ ਖੇਤਾਂ ਵਿੱਚੋਂ ਪਸ਼ੂ ਇਕੱਠੇ ਕਰਕੇ ਦਿਆਲਪੁਰਾ ਬੀੜ ਵਿੱਚ ਛੱਡ ਜਾਂਦੇ ਹਨ, ਜਿਸ ਕਾਰਨ ਬੀੜ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦਾ ਜਲਦੀ ਕੋਈ ਹੱਲ ਕੱਢਿਆ ਜਾਵੇ।