ਪੱਤਰ ਪ੍ਰੇਰਕ
ਭੁੱਚੋ ਮੰਡੀ, 11 ਅਗਸਤ
ਪਿੰਡ ਭੁੱਚੋ ਖੁਰਦ ਦੇ ਕਿਸਾਨਾਂ ਨੇ ਰੇਲਵੇ ਵਿਭਾਗ ਵੱਲੋਂ ਖੇਤਾਂ ਨੂੰ ਜਾਂਦੇ ਰੇਲਵੇ ਲਾਂਘਿਆਂ ਨੂੰ ਤੰਗ ਕਰਨ ਦੀ ਬਣਾਈ ਗਈ ਯੋਜਨਾ ਖ਼ਿਲਾਫ਼ ਪਿੰਡ ਦੀ ਧਰਮਸ਼ਾਲਾ ਵਿੱਚ ਇਕੱਠ ਕੀਤਾ ਅਤੇ ਰੇਲਵੇ ਵਿਭਾਗ ਖ਼ਿਲਾਫ਼ ਸੰਘਰਸ਼ ਲੜਣ ਲਈ 16 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਖੇਤਾਂ ਵਿੱਚੋਂ ਲੰਘਦੀ ਬਠਿੰਡਾ-ਅੰਬਾਲਾ ਰੇਲਵੇ ਲਾਈਨ ’ਤੇ ਚਾਰ ਲਾਂਘੇ ਪੈਂਦੇ ਹਨ। ਰੇਲਵੇ ਵਿਭਾਗ ਨੇ ਦੋ ਸਾਲ ਪਹਿਲਾਂ 131 ਨੰਬਰ ਲਾਂਘਾ ਬੰਦ ਕਰਕੇ ਇਸ ਆਵਾਜਾਈ ਨੂੰ 132 ਨੰਬਰ ਵਿੱਚ ਤਬਦੀਲ ਕਰ ਦਿੱਤਾ ਸੀ। ਇਨ੍ਹਾਂ ਵਿਚਕਾਰ ਬਣਾਈ ਸੜਕ ਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ ਅਤੇ ਬਣਾਏ ਜਾਣ ਵਾਲੇ ਜ਼ਮੀਨਦੋਜ਼ ਪੁਲ ਤੋਂ ਨਿਕਲਣ ਵਾਲੇ ਚਾਰ ਰਸਤਿਆਂ ਨੂੰ ਸਿਰਫ਼ 7-7 ਫੁੱਟ ਚੌੜਾ ਬਣਾਉਣ ਦੀ ਹੀ ਯੋਜਨਾ ਹੈ। ਇਨ੍ਹਾਂ ਤੰਗ ਰਸਤਿਆਂ ਤੋਂ ਖੇਤੀ ਉਪਕਰਨ ਨਹੀਂ ਲੰਘਾਏ ਜਾ ਸਕਦੇ।
ਲਾਂਘੇ ਚੌੜੇ ਨਾ ਕਰਨ ’ਤੇ ਵਿਰੋਧ ਦੀ ਚਿਤਾਵਨੀ
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਰੇਲਵੇ ਲਾਂਘਿਆਂ ਨੂੰ ਕਿਸਾਨਾਂ ਦੀ ਲੋੜ ਮੁਤਾਬਕ 15-15 ਫੁੱਟ ਚੌੜਾ ਨਾ ਬਣਾਇਆ ਗਿਆ, ਤਾਂ ਉਹ ਇਸ ਦਾ ਡਟਵਾਂ ਵਿਰੋਧ ਕਰਨਗੇ। ਸੋਲਾਂ ਮੈਂਬਰੀ ਸੰਘਰਸ਼ ਕਮੇਟੀ ਵਿੱਚ ਜਗਤਾਰ ਸਿੰਘ, ਨਾਇਬ ਸਿੰਘ, ਚੰਦ ਸਿੰਘ, ਨਛੱਤਰ ਸਿੰਘ, ਪੰਚ ਜੀਵਨ ਸਿੰਘ, ਬਲਵੀਰ ਸਿੰਘ, ਗੁਰਮੀਤ ਸਿੰਘ ਸ਼ਾਮਲ ਹਨ।