ਪਰਮਜੀਤ ਸਿੰਘ
ਫਾਜ਼ਿਲਕਾ, 24 ਫਰਵਰੀ
ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਆਉਂਦੇ ਪਿੰਡ ਕਾਠਗੜ੍ਹ ਨੇੜਲੇ ਸੇਮ ਨਾਲੇ ’ਚੋਂ ਧੜੱਲੇ ਨਾਲ ਰਾਤ ਸਮੇਂ ਗੈਰਕਾਨੂੰਨੀ ਤਰੀਕੇ ਨਾਲ ਰੇਤੇ ਦੀ ਖੁਦਾਈ ਕੀਤੀ ਜਾ ਰਹੀ ਹੈ। ਸਿਵਲ ਪ੍ਰਸ਼ਾਸਨ ਤੇ ਪੁਲੀਸ ਅੱਖਾਂ ਮੀਟੀ ਬੈਠਾ ਹੈ। ਸੇਮ ਨਾਲੇ ’ਚੋਂ ਰੇਤ ਮਾਫੀਏ ਵੱਲੋਂ 20 ਤੋਂ 50 ਫੁੱਟ ਡੂੰਘਾਈ ਤਕ ਖੁਦਾਈ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਨਾਲ ਲੱਗਦੀ ਜ਼ਮੀਨ ਦੇ ਥੱਲੇ ਧੱਸਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਹ ਦੋਸ਼ ਆਲੇ ਦੁਆਲੇ ਦੇ ਲੋਕਾਂ ਨੇ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਜਾਇਜ਼ ਖਣਨ ਦੀ ਸਬੰਧਤ ਅਧਿਕਾਰੀਆਂ ਤੇ ਪੁਲੀਸ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਕਿਸਾਨ ਸੁਰਜੀਤ ਸਿੰਘ ਸਾਬਕਾ ਪੰਚ, ਸੁਰਜੀਤ ਸਿੰਘ ਕਾਠਗੜ੍ਹ, ਜੰਗੀਰ ਸਿੰਘ, ਸ਼ੇਰ ਸਿੰਘ, ਸਤਵੀਰ ਸਿੰਘ, ਦੇਸ ਰਾਜ ਆਦਿ ਨੇ ਅੱਜ ਨਾਜਾਇਜ਼ ਖਣਨ ਬਾਰੇ ਇਕ ਦਰਖਾਸਤ ਜਲਾਲਾਬਾਦ ਦੇ ਐੱਸਡੀਐੱਮ ਨੂੰ ਦਿੱਤੀ ਤੇ ਇਸ ਨੂੰ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਐਸਡੀਐਮ ਨੂੰ ਦੱਸਿਆ ਕਿ ਰੇਤ ਮਾਫ਼ੀਆ ਦੇ ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਹ ਪੁਲੀਸ ਅਧਿਕਾਰੀਆਂ ਨੂੰ ਮਹੀਨਾ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਉਨ੍ਹਾਂ ਦੱਸਿਆ ਕਿ ਕਾਠਗੜ੍ਹ ਅਤੇ ਪਾਲੀਵਾਲਾਂ ਵਿਚਾਲੇ ਪੈਂਦੇ ਸੇਮ ਨਾਲੇ ’ਚ ਵੱਡੇ ਪੱਧਰ ’ਤੇ ਨਾਜਾਇਜ਼ ਖਣਨ ਹੁੰਦਾ ਹੈ। ਰੋਜ਼ਾਨਾ ਚਾਲੀ ਤੋਂ ਪੰਜਾਹ ਰੇਤ ਦੇ ਭਰੇ ਟਰਾਲੇ ਇਥੋਂ ਲੰਘਦੇ ਹਨ। ਐੱਸਡੀਐੱਮ ਦੇਵਦਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ਵਿੱਚ ਗੈਰਕਾਨੂੰਨੀ ਰੇਤ ਖਣਨ ਹੋਣ ਦੀ ਸ਼ਿਕਾਇਤ ਮਿਲੀ ਹੈ। ਉਹ ਮਾਮਲੇ ਦੀ ਜਾਂਚ ਕਰਾਉਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।