ਲਖਵੀਰ ਸਿੰਘ ਚੀਮਾ
ਟੱਲੇਵਾਲ, 9 ਅਕਤੂਬਰ
ਖੇਤਾਂ ਲਈ ਨਾਕਸ ਬਿਜਲੀ ਸਪਲਾਈ ਤੋਂ ਦੁਖੀ 12 ਪਿੰਡਾਂ ਦੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪੱਖੋਕੇ ਤੇ ਟੱਲੇਵਾਲ ਦੇ ਗਰਿੱਡਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਆਗੂ ਸੁਖਦੇਵ ਸਿੰਘ ਭੋਤਨਾ, ਕਰਨੈਲ ਸਿੰਘ ਥਿੰਦ, ਗੁਰਨਾਮ ਸਿੰਘ ਫੌਜੀ, ਜਗਤਾਰ ਸਿੰਘ ਚੀਮਾ ਅਤੇ ਮਾਸਟਰ ਰਣਜੀਤ ਸਿੰਘ ਟੱਲੇਵਾਲ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਅਖਵਾਉਣ ਦੇ ਡਰਾਮੇ ਕਰ ਰਹੀ ਹੈ, ਦੂਜੇ ਪਾਸੇ ਖੇਤਾਂ ਲਈ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ। ਝੋਨੇ ਦੀ ਫ਼ਸਲ ਨੂੰ ਆਖਰੀ ਪਾਣੀ ਲੱਗ ਰਹੇ ਹਨ ਅਤੇ ਪਾਣੀ ਦੀ ਗਿੱਲ ਵਿੱਚ ਹੀ ਕਣਕ ਦੀ ਬਿਜਾਈ ਹੋਣੀ ਹੈ। ਜੇ ਇਹ ਆਖਰੀ ਪਾਣੀ ਨਾ ਲੱਗਿਆ ਤਾਂ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪਵੇਗਾ ਪਰ ਸਰਕਾਰ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤਾਂ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਨਹੀਂ ਉਹ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਖੇਤੀ ਮੋਟਰਾਂ ਤੇ ਘਰੇਲੂ ਬਿਜਲੀ ਸਪਲਾਈ ਵਿੱਚ ਲੱਗ ਰਹੇ ਕੱਟਾਂ ਤੋਂ ਅੱਕੇ ਪਿੰਡ ਸੇਲਬਰਾਹ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਅਗਵਾਈ ਵਿੱਚ ਪਿੰਡ ਸੇਲਬਰਾਹ ਦੇ ਬਿਜਲੀ ਘਰ ਅੱਗੇ ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਦੀ ਮੰਗ ਕੀਤੀ। ਇਸ ਮੌਕੇ ਮਜ਼ਦੂਰ ਆਗੂ ਕੁਲਵੰਤ ਸਿੰਘ ਸੇਲਬਰਾਹ ਅਤੇ ਦਰਸ਼ਨ ਸਿੰਘ ਘੋਨੂ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਲਗਾਤਾਰ ਕੱਟੀ ਜਾ ਰਹੀ ਹੈ ਅਤੇ ਘਰਾਂ ਨੂੰ ਮਿਲਣ ਵਾਲੀ ਚੌਵੀ ਘੰਟੇ ਬਿਜਲੀ ਸਪਲਾਈ ਵਿੱਚ ਲਗਾਤਾਰ ਤਿੰਨ ਤੋਂ ਚਾਰ ਘੰਟਿਆਂ ਦੇ ਕੱਟ ਲੱਗ ਰਹੇ ਹਨ। ਆਗੂਆਂ ਕਿਹਾ ਕਿ ਜੇਕਰ ਫੌਰੀ ਤੌਰ ’ਤੇ ਬਿਜਲੀ ਦੀ ਘਰੇਲੂ ਸਪਲਾਈ ਚੌਵੀ ਘੰਟੇ ਅਤੇ ਖੇਤੀ ਮੋਟਰਾਂ ਨੂੰ 8 ਘੰਟੇ ਬਿਜਲੀ ਨਾ ਦਿੱਤੀ ਤਾਂ ਇੱਕ ਦੋ ਦਿਨਾਂ ਦੇ ਅੰਦਰ ਤਿੱਖਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਕੌਰ ਸਿੰਘ, ਜੀਨੂੰ ਸਿੰਘ, ਮੱਖਣ ਸਿੰਘ, ਬਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਖੇਤੀਬਾੜੀ ਤੇ ਘਰੇਲੂ ਬਿਜਲੀ ਸਪਲਾਈ ’ਤੇ ਲੱਗ ਰਹੇ ਕੱਟਾਂ ਤੋਂ ਭੜਕੇ ਕਿਸਾਨਾਂ ਵੱਲੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਡਵੀਜ਼ਨ ਦਫ਼ਤਰ ਭਗਤਾ ਭਾਈ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਭਗਤਾ ਭਾਈ, ਕੋਠਾ ਗੁਰੂ, ਸਿਰੀਏਵਾਲਾ, ਬੁਰਜ਼ ਲੱਧਾ, ਗੁਰੂਸਰ, ਹਮੀਰਗੜ੍ਹ, ਸੁਰਜੀਤਪੁਰਾ, ਮਲੂਕਾ, ਦੁੱਲੇਵਾਲਾ ਆਦਿ ਪਿੰਡਾਂ ਤੋਂ ਵੱਡੀ ਗਿਣਤੀ ‘ਚ ਧਰਨੇ ਵਿੱਚ ਸ਼ਾਮਲ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂ ਸੁਖਜੀਤ ਸਿੰਘ ਕੋਠਾਗੁਰੂ ਤੇ ਬਲਦੇਵ ਸਿੰਘ ਮਲੂਕਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਖੇਤੀਬਾੜੀ ਅਤੇ ਘਰੇਲੂ ਬਿਜਲੀ ਸਪਲਾਈ ‘ਤੇ ਲੱਗ ਰਹੇ ਕੱਟਾਂ ਕਾਰਨ ਖਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕੌਮ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ।
ਮਜ਼ਦੂਰ ਮੁਕਤੀ ਮੋਰਚੇ ਵੱਲੋਂ ਬਿਜਲੀ ਬੋਰਡ ਖ਼ਿਲਾਫ਼ ਨਾਅਰੇਬਾਜ਼ੀ
ਤਪਾ ਮੰਡੀ (ਸੀ. ਮਾਰਕੰਡਾ): ਬਿਜਲੀ ਬਿੱਲਾਂ ਦੀ ਮੁਆਫ਼ੀ ਦੇ ਫੈਸਲੇ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਮਜ਼ਦੂਰ ਮੁਕਤੀ ਮੋਰਚੇ ਦੇ ਵਰਕਰਾਂ ਨੇ ਬਿਜਲੀ ਬੋਰਡ ਤਪਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਸ਼ਾਮਲ ਤਪਾ, ਮਹਿਤਾ, ਘੁੰਨਸ, ਧੌਲਾ ਤੇ ਕਾਹਨੇਕੇ ਦੇ ਮਜ਼ਦੂਰਾਂ ਨੇ ਐੱਸਡੀਓ ਤਪਾ ਨੂੰ ਮੰਗ ਪੱਤਰ ਦਿੱਤਾ। ਮੋਰਚੇ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹਰਚਰਨ ਸਿੰਘ ਰੂੜੇਕੇ, ਕਾਮਰੇਡ ਜਗਤਾਰ ਸਿੰਘ ਘੁੰਨਸ ਅਤੇ ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਸ਼ਿੰਗਾਰਾ ਸਿੰਘ ਚੁਹਾਨਕੇ ਨੇ ਦੱਸਿਆ ਕਿ ਸਾਂਝਾ ਮਜ਼ਦੂਰ ਮੋਰਚਾ ਨਾਲ 13 ਸਤੰਬਰ ਨੂੰ ਹੋਏ ਰੋਸ ਪ੍ਰਦਰਸ਼ਨ ਦੌਰਾਨ ਸਮਝੌਤਾ ਹੋਇਆ ਸੀ ਕਿ 31 ਅਗਸਤ ਤੱਕ ਬਿਜਲੀ ਬਿੱਲ ਮੁਆਫ਼ ਅਤੇ ਪੁੱਟੇ ਮੀਟਰ ਮੁੜ ਲਗਾਏ ਜਾਣਗੇ ਪਰ ਮਹਿਕਮੇ ਨੇ ਇਹ ਹੁਕਮ ਲਾਗੂ ਨਹੀਂ ਕੀਤੇ। ਮਜ਼ਦੂਰਾਂ ਨੇ ਇਕੱਠੇ ਹੋ ਕੇ ਬਿਜਲੀ ਬੋਰਡ ਦਫ਼ਤਰ ਦਾ ਘਿਰਾਓ ਕਰਦਿਆਂ ਮੰਗ ਕੀਤੀ ਕਿ ਕਿ ਮਜ਼ਦੂਰਾਂ ਦੇ ਹੱਕ ’ਚ ਹੋਏ ਫੈਸਲਿਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।